ਕੋਟਾ : ਰਾਜਸਥਾਨ ਦੇ ਕੋਟਾ ਵਿੱਚ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ’ਤੇ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਮਿੰਨੀ ਬੱਸ ਪੁਲੀਆ ਤੋਂ ਹੇਠਾਂ ਕਰੀਬ 20 ਫੁੱਟ ਡੂੰਘੇ ਨਾਲੇ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖ਼ਮੀ ਹੋ ਗਏ। ਹਾਦਸਾ ਸਿਮਲੀਆ ਥਾਣਾ ਖੇਤਰ ਵਿੱਚ ਕਰਾਡੀਆ ਨੇੜੇ ਵਾਪਰਿਆ।
ਮੁੱਢਲੀ ਜਾਣਕਾਰੀ ਦੇ ਅਨੁਸਾਰ, ਬੱਸ ਵਿੱਚ 25 ਤੋਂ ਵੱਧ ਯਾਤਰੀ ਸਵਾਰ ਸਨ। ਇਹ ਸਾਰੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਖਾਟੂ ਸ਼ਿਆਮ ਜੀ ਦੇ ਦਰਸ਼ਨਾਂ ਲਈ ਜਾ ਰਹੇ ਸਨ। ਰਸਤੇ ਵਿੱਚ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ।
20 ਫੁੱਟ ਹੇਠਾਂ ਨਾਲੇ ’ਚ ਜਾ ਡਿੱਗੀ ਬੱਸ
ਸਿਮਲੀਆ ਪੁਲਸ ਥਾਣੇ ਦੇ ਐੱਸ.ਐੱਚ.ਓ. ਨੰਦ ਸਿੰਘ ਮੁਤਾਬਕ, ਟ੍ਰੈਵਲਰ ਮਿੰਨੀ ਬੱਸ ਕਰਾਡੀਆ ਟੋਲ ਪਲਾਜ਼ਾ ਪਾਰ ਕਰਨ ਮਗਰੋਂ ਸੁਲਤਾਨਪੁਰ ਵੱਲ ਜਾ ਰਹੀ ਸੀ। ਇਸੇ ਦੌਰਾਨ ਚਾਲਕ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਵਾਹਨ ਤੋਂ ਕੰਟਰੋਲ ਖੋਹ ਬੈਠਾ।
ਬੱਸ ਦੀ ਰਫ਼ਤਾਰ ਵੱਧ ਹੋਣ ਕਾਰਨ ਚਾਲਕ ਵਾਹਨ ਨੂੰ ਸੰਭਾਲ ਨਹੀਂ ਸਕਿਆ। ਬੱਸ ਸੜਕ ਦੇ ਡਿਵਾਈਡਰ ਨੂੰ ਤੋੜਦੀ ਹੋਈ ਪੁਲੀਆ ਤੋਂ ਸਿੱਧੀ ਹੇਠਾਂ ਨਾਲੇ ਵਿੱਚ ਜਾ ਡਿੱਗੀ। ਵਾਹਨ ਕਰੀਬ 20 ਫੁੱਟ ਡੂੰਘਾਈ ਵਿੱਚ ਫਸ ਗਿਆ।
ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ
ਟੱਕਰ ਇੰਨੀ ਜ਼ਬਰਦਸਤ ਸੀ ਕਿ ਮਿੰਨੀ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਤੋਂ ਬਾਅਦ ਬੱਸ ਵਿੱਚ ਸਵਾਰ ਯਾਤਰੀਆਂ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਅਤੇ ਰਾਹਗੀਰ ਮਦਦ ਲਈ ਮੌਕੇ ’ਤੇ ਪਹੁੰਚੇ।
ਸੂਚਨਾ ਮਿਲਣ ’ਤੇ ਸਿਮਲੀਆ ਥਾਣੇ ਦੀ ਪੁਲਸ, ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੀ ਬਚਾਅ ਟੀਮ ਅਤੇ 108 ਐਂਬੂਲੈਂਸਾਂ ਮੌਕੇ ’ਤੇ ਪਹੁੰਚੀਆਂ। ਬਚਾਅ ਕਰਮਚਾਰੀਆਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਯਾਤਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ।
7 ਲੋਕਾਂ ਦੀ ਮੌਤ, ਜ਼ਖ਼ਮੀਆਂ ਦਾ ਇਲਾਜ ਜਾਰੀ
ਜਾਣਕਾਰੀ ਦੇ ਅਨੁਸਾਰ, ਚਾਰ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦਕਿ ਤਿੰਨ ਹੋਰ ਜ਼ਖ਼ਮੀਆਂ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਹਾਦਸੇ ਵਿੱਚ ਜ਼ਖ਼ਮੀ ਹੋਏ 10 ਲੋਕਾਂ ਨੂੰ ਕੋਟਾ ਮੈਡੀਕਲ ਕਾਲਜ ਦੇ ਨਵੇਂ ਹਸਪਤਾਲ ਅਤੇ ਐੱਮ.ਬੀ.ਐੱਸ. ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਕੁਝ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।
ਸਾਰੇ ਯਾਤਰੀ ਭੋਪਾਲ ਤੋਂ ਖਾਟੂ ਸ਼ਿਆਮ ਜੀ ਦੇ ਦਰਸ਼ਨਾਂ ਲਈ ਰਵਾਨਾ ਹੋਏ ਸਨ, ਪਰ ਰਸਤੇ ਵਿੱਚ ਵਾਪਰੇ ਇਸ ਹਾਦਸੇ ਨੇ ਖ਼ੁਸ਼ੀਆਂ ਭਰੇ ਧਾਰਮਿਕ ਸਫ਼ਰ ਨੂੰ ਮਾਤਮ ਵਿੱਚ ਬਦਲ ਦਿੱਤਾ।









