ਪੰਜਾਬ : ਇੱਕ ਪਾਸੇ ਜਿੱਥੇ ਕੜਾਕੇ ਦੀ ਠੰਢ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਦੂਜੇ ਪਾਸੇ ਅੱਜ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ (All The Government and Private Schools) ਖੁੱਲ੍ਹ ਗਏ ਹਨ। ਅੱਜ ਸਵੇਰ ਤੋਂ ਹੀ ਪੂਰੇ ਸੂਬੇ ਵਿੱਚ ਬਹੁਤ ਸੰਘਣੀ ਧੁੰਦ ਛਾਈ ਹੋਈ ਸੀ, ਜਿਸ ਕਾਰਨ ਵਿਜ਼ੀਬਿਲਟੀ ਵੀ ਜ਼ੀਰੋ ਸੀ। ਸਥਿਤੀ ਇਹ ਹੈ ਕਿ ਪੰਜਾਬ ‘ਚ ਕਈ ਥਾਵਾਂ ‘ਤੇ ਪੈ ਰਹੀ ਧੁੰਦ ਨੂੰ ਸੀਜ਼ਨ ਦੀ ਸਭ ਤੋਂ ਸੰਘਣੀ ਧੁੰਦ ਮੰਨਿਆ ਜਾ ਰਿਹਾ ਹੈ। ਹਾਲਾਂਕਿ ਬੀਤੇ ਦਿਨ ਸਕੂਲ ਸੰਚਾਲਕ ਅਤੇ ਬੱਚਿਆਂ ਦੇ ਮਾਪੇ ਪੂਰਾ ਦਿਨ ਇੰਤਜ਼ਾਰ ਕਰਦੇ ਰਹੇ ਕਿ ਸਰਕਾਰ ਹਰ ਵਾਰ ਦੀ ਤਰ੍ਹਾਂ ਫਿਰ ਛੁੱਟੀਆਂ ਵਧਾ ਦੇਵੇਗੀ, ਪਰ ਅਜਿਹਾ ਨਹੀਂ ਹੋਇਆ। ਜਿਸ ਤੋਂ ਬਾਅਦ ਅੱਜ ਤੋਂ ਸੂਬੇ ਭਰ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੁੱਲ੍ਹ ਗਏ ਹਨ।
ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦਰਮਿਆਨ ਸਕੂਲੀ ਬੱਸਾਂ ਬੱਚਿਆਂ ਨੂੰ ਲੈਣ ਲਈ ਸਵੇਰੇ ਹੀ ਰਵਾਨਾ ਹੋਈਆਂ, ਜਿਸ ਕਾਰਨ ਬੱਚੇ ਕੰਬਦੇ ਹੋਏ ਸਕੂਲ ਪਹੁੰਚੇ। ਹਾਲਾਂਕਿ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਸਕੂਲ ਪਹੁੰਚਣ ਵਾਲੇ ਬੱਚਿਆਂ ਦੀ ਗਿਣਤੀ ਆਮ ਦਿਨਾਂ ਦੇ ਮੁਕਾਬਲੇ ਬਹੁਤ ਘੱਟ ਸੀ। ਦੂਜੇ ਪਾਸੇ ਸਰਕਾਰੀ ਸਕੂਲਾਂ ਦੇ ਅਧਿਆਪਕ ਸਕੂਲਾਂ ਦਾ ਸਮਾਂ ਬਦਲਣ ਦੀ ਮੰਗ ਕਰ ਰਹੇ ਸਨ, ਪਰ ਕਿਸੇ ਵੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਜਦੋਂਕਿ ਪੰਜਾਬ ਭਰ ਦੇ ਪ੍ਰਾਈਵੇਟ ਸਕੂਲਾਂ ਨੇ ਠੰਢ ਦੇ ਮੱਦੇਨਜ਼ਰ ਸਮਾਂ ਬਦਲ ਦਿੱਤਾ ਹੈ, ਜਿਸ ਦੇ ਮੁਤਾਬਿਕ ਬੱਚਿਆਂ ਨੂੰ 10 ਵਜੇ ਸਕੂਲ ਬੁਲਾਇਆ ਗਿਆ ਹੈ ।
