ਧਾਰਮਿਕ : ਅੱਜ 24 ਨਵੰਬਰ ਨੂੰ ਕਾਰਤਿਕ ਪੂਰਨਿਮਾ ਅਤੇ ਦੇਵ ਦੀਵਾਲੀ ਦਾ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ ਹੈ। ਹਿੰਦੂ ਧਰਮ ਵਿੱਚ ਇਸ ਦਿਨ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਇਸ ਮੌਕੇ ਸ਼ਰਧਾਲੂ ਪਵਿੱਤਰ ਇਸ਼ਨਾਨ ਕਰਨ ਦੇ ਨਾਲ ਭਗਵਾਨ ਸਤਿਆਨਾਰਾਇਣ, ਮਾਤਾ ਲਕਸ਼ਮੀ ਅਤੇ ਚੰਦਰ ਦੇਵ ਦੀ ਪੂਜਾ ਕਰਦੇ ਹਨ। ਇਸ ਦਿਨ ਦਾਨ-ਪੁੰਨ ਕਰਨ ਦੀ ਵੀ ਵਿਸ਼ੇਸ਼ ਮਹੱਤਤਾ ਹੈ।
ਧਾਰਮਿਕ ਮਾਨਤਾਵਾਂ ਅਨੁਸਾਰ ਕਾਰਤਿਕ ਪੂਰਨਿਮਾ ਦੀ ਸ਼ਾਮ ਨੂੰ ਮਾਤਾ ਲਕਸ਼ਮੀ ਦੀ ਪੂਜਾ ਕਰਨ ਅਤੇ ਕੁਝ ਖ਼ਾਸ ਉਪਾਅ ਕਰਨ ਨਾਲ ਘਰ ਵਿੱਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਆਉਂਦੀ ਹੈ। ਇਸ ਵਾਰ ਪੂਰਨਿਮਾ ਤਿਥੀ ਰਾਤ 8 ਵੱਜ ਕੇ 23 ਮਿੰਟ ਤੱਕ ਰਹੇਗੀ, ਜਦਕਿ ਚੰਦਰਮਾ ਦਾ ਉਦੈ ਸ਼ਾਮ 5 ਵੱਜ ਕੇ 1 ਮਿੰਟ ’ਤੇ ਹੋਵੇਗਾ। ਪੂਜਾ ਲਈ ਸ਼ਾਮ 5:25 ਵਜੇ ਤੋਂ ਬਾਅਦ ਦਾ ਸਮਾਂ ਦੱਸਿਆ ਗਿਆ ਹੈ।
ਕਾਰਤਿਕ ਪੂਰਨਿਮਾ ’ਤੇ ਦਾਨ ਕਰਨ ਦਾ ਵੀ ਹੈ ਖ਼ਾਸ ਮਹੱਤਵ
ਇਸ ਪਵਿੱਤਰ ਦਿਨ ਇਸ਼ਨਾਨ ਕਰਨ ਤੋਂ ਬਾਅਦ ਆਪਣੀ ਸਮਰੱਥਾ ਅਨੁਸਾਰ ਚੌਲ, ਗੁੜ, ਦੁੱਧ, ਖੀਰ, ਖੰਡ, ਚਿੱਟੇ ਕੱਪੜੇ, ਕੰਬਲ ਅਤੇ ਗਰਮ ਕੱਪੜਿਆਂ ਦਾ ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਸ਼ਾਮ ਨੂੰ ਦੇਵ ਦੀਵਾਲੀ ਮੌਕੇ ਭਗਵਾਨ ਸ਼ਿਵ ਦੇ ਨਾਮ ਦੇ ਦੀਵੇ ਜਗਾਉਣ ਦੀ ਵੀ ਪਰੰਪਰਾ ਹੈ।
ਆਓ ਜਾਣਦੇ ਹਾਂ ਕਾਰਤਿਕ ਪੂਰਨਿਮਾ ਦੀ ਸ਼ਾਮ ਨੂੰ ਕੀਤੇ ਜਾਣ ਵਾਲੇ ਪੰਜ ਖ਼ਾਸ ਉਪਾਅ।
1. ਦੱਖਣਾਵਰਤੀ ਸ਼ੰਖ ਨਾਲ ਕਰੋ ਭਗਵਾਨ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਦਾ ਅਭਿਸ਼ੇਕ
ਕਾਰਤਿਕ ਪੂਰਨਿਮਾ ਦੀ ਸ਼ਾਮ ਲੱਕੜ ਦੀ ਚੌਕੀ ’ਤੇ ਭਗਵਾਨ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਦੀਆਂ ਮੂਰਤੀਆਂ ਸਥਾਪਤ ਕਰੋ। ਇਸ ਤੋਂ ਬਾਅਦ ਦੱਖਣਾਵਰਤੀ ਸ਼ੰਖ ਵਿੱਚ ਗੰਗਾਜਲ ਜਾਂ ਪਵਿੱਤਰ ਜਲ ਭਰ ਕੇ ਦੋਵਾਂ ਦਾ ਅਭਿਸ਼ੇਕ ਕਰੋ। ਫਿਰ ਫੁੱਲ, ਅਕਸ਼ਤ, ਧੂਪ, ਦੀਪ ਅਤੇ ਫਲਾਂ ਦਾ ਭੋਗ ਲਗਾ ਕੇ ਪੂਜਾ ਕਰੋ।
ਇਸ ਦੌਰਾਨ ਮਾਤਾ ਲਕਸ਼ਮੀ ਦੇ ਮੰਤਰ ਦਾ ਇੱਕ ਮਾਲਾ ਜਾਪ ਕਰਨ ਦੀ ਮਾਨਤਾ ਹੈ।
ਮੰਤਰ:
ॐ श्रीं ह्रीं श्रीं कमले कमलालये प्रसीद प्रसीद श्रीं ह्रीं श्रीं ॐ महालक्ष्म्यै नमः।
2. ਮਾਤਾ ਲਕਸ਼ਮੀ ਨੂੰ ਖੀਰ ਜਾਂ ਚਿੱਟੀ ਮਿਠਾਈ ਦਾ ਭੋਗ ਲਗਾਓ
ਧਾਰਮਿਕ ਮਾਨਤਾਵਾਂ ਅਨੁਸਾਰ ਮਾਤਾ ਲਕਸ਼ਮੀ ਨੂੰ ਖੀਰ ਅਤੇ ਚਿੱਟੀਆਂ ਮਿਠਾਈਆਂ ਪਸੰਦ ਹਨ। ਇਸ ਲਈ ਸ਼ਾਮ ਦੀ ਪੂਜਾ ਤੋਂ ਪਹਿਲਾਂ ਗਾਂ ਦੇ ਦੁੱਧ, ਚੌਲ ਅਤੇ ਖੰਡ ਨਾਲ ਖੀਰ ਤਿਆਰ ਕਰੋ। ਜੇਕਰ ਖੀਰ ਬਣਾਉਣਾ ਸੰਭਵ ਨਾ ਹੋਵੇ ਤਾਂ ਕੋਈ ਚਿੱਟੀ ਮਿਠਾਈ ਜਾਂ ਬਤਾਸੇ ਵੀ ਭੋਗ ਵਜੋਂ ਚੜ੍ਹਾਏ ਜਾ ਸਕਦੇ ਹਨ। ਇਸ ਤੋਂ ਬਾਅਦ ਪਰਿਵਾਰ ਦੀ ਖੁਸ਼ਹਾਲੀ ਅਤੇ ਸੁੱਖ-ਸਮ੍ਰਿੱਧੀ ਲਈ ਮਾਤਾ ਲਕਸ਼ਮੀ ਅੱਗੇ ਅਰਦਾਸ ਕਰੋ।
3. ਮਾਤਾ ਲਕਸ਼ਮੀ ਨੂੰ ਚੜ੍ਹਾਓ 11 ਪੀਲੀਆਂ ਕੌਡੀਆਂ ਅਤੇ ਕਮਲਗੱਟਾ
ਕਾਰਤਿਕ ਪੂਰਨਿਮਾ ਦੀ ਸ਼ਾਮ ਮਾਤਾ ਲਕਸ਼ਮੀ ਦੀ ਪੂਜਾ ਦੌਰਾਨ 11 ਪੀਲੀਆਂ ਕੌਡੀਆਂ ਅਤੇ ਕਮਲਗੱਟਾ ਚੜ੍ਹਾਉਣ ਦੀ ਮਾਨਤਾ ਹੈ। ਇਸ ਦੇ ਨਾਲ ਕੁਝ ਪੈਸੇ ਵੀ ਰੱਖੋ। ਜੇਕਰ ਪੀਲੀਆਂ ਕੌਡੀਆਂ ਉਪਲਬਧ ਨਾ ਹੋਣ ਤਾਂ ਚਿੱਟੀਆਂ ਕੌਡੀਆਂ ਨੂੰ ਹਲਦੀ ਨਾਲ ਪੀਲਾ ਕੀਤਾ ਜਾ ਸਕਦਾ ਹੈ।
ਪੂਜਾ ਤੋਂ ਬਾਅਦ ਇਨ੍ਹਾਂ ਚੀਜ਼ਾਂ ਨੂੰ ਰਾਤ ਭਰ ਮਾਤਾ ਦੇ ਚਰਨਾਂ ਵਿੱਚ ਰੱਖੋ। ਅਗਲੀ ਸਵੇਰ ਇਨ੍ਹਾਂ ਨੂੰ ਲਾਲ ਕੱਪੜੇ ਵਿੱਚ ਬੰਨ੍ਹ ਕੇ ਆਪਣੀ ਤਿਜੋਰੀ ਜਾਂ ਪੈਸੇ ਰੱਖਣ ਵਾਲੀ ਥਾਂ ’ਤੇ ਰੱਖਣ ਦੀ ਪਰੰਪਰਾ ਹੈ।
4. ਕਨਕਧਾਰਾ ਸਤੋਤਰ ਜਾਂ ਸ੍ਰੀ ਸੂਕਤ ਦਾ ਕਰੋ ਪਾਠ
ਇਸ ਦਿਨ ਸ਼ਾਮ ਨੂੰ ਮਾਤਾ ਲਕਸ਼ਮੀ ਦੀ ਪੂਜਾ ਕਰਦੇ ਸਮੇਂ ਉਨ੍ਹਾਂ ਦੇ ਸਾਹਮਣੇ ਬੈਠ ਕੇ ਕਨਕਧਾਰਾ ਸਤੋਤਰ ਜਾਂ ਸ੍ਰੀ ਸੂਕਤ ਦਾ ਪਾਠ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਧਾਰਮਿਕ ਵਿਸ਼ਵਾਸ ਅਨੁਸਾਰ ਕਨਕਧਾਰਾ ਸਤੋਤਰ ਦਾ ਪਾਠ ਧਨ-ਦੌਲਤ ਦੀ ਪ੍ਰਾਪਤੀ ਅਤੇ ਸ੍ਰੀ ਸੂਕਤ ਦਾ ਪਾਠ ਰੁਕਿਆ ਹੋਇਆ ਧਨ ਵਾਪਸ ਮਿਲਣ ਤੇ ਕਾਰੋਬਾਰ ਵਿੱਚ ਤਰੱਕੀ ਲਈ ਕੀਤਾ ਜਾਂਦਾ ਹੈ।
5. ਘਰ ਦੇ ਮੁੱਖ ਦਰਵਾਜ਼ੇ ਅਤੇ ਤੁਲਸੀ ਕੋਲ ਜਗਾਓ ਘਿਓ ਦੇ ਦੀਵੇ
ਕਾਰਤਿਕ ਪੂਰਨਿਮਾ ਦੀ ਸ਼ਾਮ ਘਰ ਦੇ ਮੁੱਖ ਦਰਵਾਜ਼ੇ ’ਤੇ ਅੰਬ ਜਾਂ ਅਸ਼ੋਕ ਦੇ ਪੱਤਿਆਂ ਦਾ ਤੋਰਨ ਲਗਾਓ। ਦਰਵਾਜ਼ੇ ’ਤੇ ਹਲਦੀ ਅਤੇ ਸਿੰਦੂਰ ਨਾਲ ਸਵਾਸਤਿਕ ਬਣਾਓ। ਇਸ ਤੋਂ ਬਾਅਦ ਤੁਲਸੀ ਦੇ ਪੌਦੇ ਕੋਲ ਸ਼ੁੱਧ ਦੇਸੀ ਘਿਓ ਦੇ ਦੀਵੇ ਜਗਾ ਕੇ ਪੰਜ ਜਾਂ 11 ਵਾਰ ਪਰਿਕਰਮਾ ਕਰੋ।






