Monday, June 8, 2026
Google search engine
Homeਦੇਸ਼ਉੱਤਰ ਪ੍ਰਦੇਸ਼ ‘ਚ ਤੂਫ਼ਾਨ-ਮੀਂਹ ਦਾ ਕਹਿਰ; ਗੜੇਮਾਰੀ ਨਾਲ 12 ਮੌਤਾਂ

ਉੱਤਰ ਪ੍ਰਦੇਸ਼ ‘ਚ ਤੂਫ਼ਾਨ-ਮੀਂਹ ਦਾ ਕਹਿਰ; ਗੜੇਮਾਰੀ ਨਾਲ 12 ਮੌਤਾਂ

ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਵਿੱਚ ਬੁੱਧਵਾਰ ਨੂੰ ਮੌਸਮ ਨੇ ਅਚਾਨਕ ਰੁਖ ਬਦਲਿਆ ਅਤੇ ਕਈ ਜ਼ਿਲ੍ਹਿਆਂ ਵਿੱਚ ਤੂਫ਼ਾਨ, ਮੀਂਹ ਅਤੇ ਗੜੇਮਾਰੀ ਨੇ ਭਾਰੀ ਤਬਾਹੀ ਮਚਾ ਦਿੱਤੀ। ਪ੍ਰਯਾਗਰਾਜ ਅਤੇ ਵਾਰਾਣਸੀ ਸਮੇਤ 30 ਤੋਂ ਵੱਧ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ, ਜਦਕਿ ਲਖਨਊ ਸਮੇਤ 10 ਜ਼ਿਲ੍ਹਿਆਂ ਵਿੱਚ ਭਾਰੀ ਗੜੇਮਾਰੀ ਦਰਜ ਕੀਤੀ ਗਈ।

ਇਸ ਕੁਦਰਤੀ ਆਫ਼ਤ ਕਾਰਨ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਡਾ ਨੁਕਸਾਨ ਹੋਇਆ ਹੈ। ਤੂਫ਼ਾਨ ਅਤੇ ਮੀਂਹ ਨਾਲ ਜੁੜੀਆਂ ਘਟਨਾਵਾਂ ਵਿੱਚ ਕੁੱਲ 12 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਸਭ ਤੋਂ ਵੱਧ ਨੁਕਸਾਨ ਸੁਲਤਾਨਪੁਰ ਵਿੱਚ ਹੋਇਆ, ਜਿੱਥੇ 6 ਲੋਕਾਂ ਦੀ ਮੌਤ ਦਰਜ ਕੀਤੀ ਗਈ। ਇਸ ਤੋਂ ਇਲਾਵਾ ਅਯੁੱਧਿਆ ਅਤੇ ਅਮੇਠੀ ਵਿੱਚ ਦੋ-ਦੋ ਮੌਤਾਂ ਹੋਈਆਂ, ਜਦਕਿ ਪ੍ਰਯਾਗਰਾਜ ਅਤੇ ਗਾਜ਼ੀਪੁਰ ਵਿੱਚ ਇੱਕ-ਇੱਕ ਵਿਅਕਤੀ ਦੀ ਜਾਨ ਗਈ।

ਤੂਫ਼ਾਨ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੂਰਵਾਂਚਲ ਐਕਸਪ੍ਰੈਸਵੇਅ ‘ਤੇ ਸਥਿਤ ਟੋਲ ਪਲਾਜ਼ਾ ਦੀ ਛੱਤ ਹਵਾਵਾਂ ਕਾਰਨ ਉੱਡ ਗਈ। ਸੂਤਰਾਂ ਮੁਤਾਬਕ, ਸੁਲਤਾਨਪੁਰ ਵਿੱਚ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਵੱਗੀਆਂ, ਜਿਸ ਨਾਲ ਦਰੱਖਤ ਉਖੜ ਗਏ ਅਤੇ ਬਿਜਲੀ ਦੇ ਖੰਭੇ ਡਿੱਗ ਪਏ। ਕਈ ਕੱਚੇ ਮਕਾਨ ਢਹਿ ਗਏ, ਜਿਸ ਨਾਲ ਲੋਕਾਂ ਨੂੰ ਕਾਫ਼ੀ ਨੁਕਸਾਨ ਝੱਲਣਾ ਪਿਆ।

ਇਸ ਦੌਰਾਨ ਅਯੁੱਧਿਆ ਵਿੱਚ ਧੂੜ ਭਰੀ ਹਨੇਰੀ ਨਾਲ ਮੀਂਹ ਪਿਆ, ਜਿਸ ਕਾਰਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਹੈਲੀਕਾਪਟਰ ਨੂੰ ਵੀ ਰਸਤਾ ਬਦਲਣਾ ਪਿਆ ਅਤੇ ਹਵਾਈ ਅੱਡੇ ‘ਤੇ ਉਤਾਰਨਾ ਪਿਆ। ਸੁਲਤਾਨਪੁਰ ਵਿੱਚ ਬਿਜਲੀ ਡਿੱਗਣ ਨਾਲ ਇੱਕ ਖੇਤ ਵਿੱਚ ਅੱਗ ਲੱਗਣ ਦੀ ਘਟਨਾ ਵੀ ਸਾਹਮਣੇ ਆਈ ਹੈ।

ਮੌਸਮ ਵਿਭਾਗ ਦੇ ਅਨੁਸਾਰ, ਇਸ ਅਚਾਨਕ ਮੌਸਮੀ ਤਬਦੀਲੀ ਦਾ ਕਾਰਨ ਬੰਗਾਲ ਦੀ ਖਾੜੀ ਤੋਂ ਆ ਰਹੀਆਂ ਨਮੀ ਵਾਲੀਆਂ ਹਵਾਵਾਂ ਹਨ। ਵਿਭਾਗ ਵੱਲੋਂ ਅੱਜ ਵੀ ਪੂਰਵਾਂਚਲ, ਅਵਧ, ਬੁੰਦੇਲਖੰਡ ਅਤੇ ਬ੍ਰਜ ਖੇਤਰਾਂ ਦੇ 58 ਜ਼ਿਲ੍ਹਿਆਂ ਵਿੱਚ ਤੂਫ਼ਾਨ ਅਤੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਨਾਲ ਨਾਲ ਬਿਜਲੀ ਡਿੱਗਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ।

ਸਰਕਾਰ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਬਿਨਾਂ ਲੋੜ ਦੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ, ਤਾਂ ਜੋ ਪ੍ਰਭਾਵਿਤ ਇਲਾਕਿਆਂ ਵਿੱਚ ਜਲਦੀ ਮਦਦ ਪਹੁੰਚਾਈ ਜਾ ਸਕੇ।

RELATED ARTICLES
- Advertisment -
Google search engine
Google search engine
Google search engine

Most Popular

Recent Comments