ਜਲੰਧਰ : ਆਮ ਆਦਮੀ ਪਾਰਟੀ (AAP) ਲਈ ਜਲੰਧਰ ਨਗਰ ਨਿਗਮ (Jalandhar Municipal Corporation) ਦਾ ਮੇਅਰ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ। ਬੀਤੇ ਦਿਨ ਕਾਂਗਰਸ-ਭਾਜਪਾ ਅਤੇ 2 ਆਜ਼ਾਦ ਸਮੇਤ 5 ਕੌਂਸਲਰ ਪਾਰਟੀ ਵਿੱਚ ਸ਼ਾਮਲ ਹੋਏ, ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਨਗਰ ਨਿਗਮ ਵਿੱਚ ਬਹੁਮਤ ਦੇ ਜਾਦੂਈ ਅੰਕੜੇ ਨੂੰ ਛੂਹ ਲਿਆ ਹੈ। ਇਹ ਪੰਜ ਕੌਂਸਲਰ ‘ਆਪ’ ਆਗੂਆਂ ਤੇ ਕੈਬਨਿਟ ਮੰਤਰੀਆਂ ਹਰਭਜਨ ਸਿੰਘ ਈ.ਟੀ.ਓ, ਡਾ: ਰਵਜੋਤ ਸਿੰਘ ਅਤੇ ਮਹਿੰਦਰ ਭਗਤ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਹੁਣ ਆਮ ਆਦਮੀ ਪਾਰਟੀ ਕੋਲ ਨਗਰ ਨਿਗਮ ਵਿੱਚ ਕੁੱਲ 43 ਕੌਂਸਲਰ ਹਨ ਅਤੇ ਮੇਅਰ ਬਣਾਉਣ ਲਈ ਇੰਨੇ ਹੀ ਕੌਂਸਲਰਾਂ ਦੀ ਲੋੜ ਹੈ।
ਜਲੰਧਰ ਦੇ ਵਾਰਡ ਨੰਬਰ 47 ਤੋਂ ਕਾਂਗਰਸੀ ਕੌਂਸਲਰ ਮਨਮੀਤ ਕੌਰ ਅਤੇ ਵਾਰਡ ਨੰਬਰ 65 ਤੋਂ ਕਾਂਗਰਸੀ ਕੌਂਸਲਰ ਪਰਵੀਨ ਵਾਸਨ ਪਾਰਟੀ ਵਿੱਚ ਸ਼ਾਮਲ ਹੋ ਗਏ। ਜਦੋਂ ਕਿ ਵਾਰਡ ਨੰਬਰ 63 ਤੋਂ ਭਾਜਪਾ ਕੌਂਸਲਰ ਸੁਲੇਖਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ। ਦੋ ਆਜ਼ਾਦ ਕੌਂਸਲਰ, ਵਾਰਡ ਨੰਬਰ 46 ਦੇ ਕੌਂਸਲਰ ਤਰਸੇਮ ਸਿੰਘ ਅਤੇ ਵਾਰਡ ਨੰਬਰ 81 ਤੋਂ ਆਜ਼ਾਦ ਕੌਂਸਲਰ ਸੀਮਾ ਵੀ ‘ਆਪ’ ਵਿੱਚ ਸ਼ਾਮਲ ਹੋ ਗਏ। ਪੰਜ ਕੌਂਸਲਰਾਂ ਨੇ ਰਸਮੀ ਤੌਰ ’ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਨਿਗਮ ਵਿੱਚ ਪਾਰਟੀ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
