ਪੰਜਾਬ : ਪੰਜਾਬ ਸਰਕਾਰ ਨੇ ਪੰਜਾਬ ਦੇ ਸਕੂਲਾਂ ਵਿੱਚ ਮਿਡ-ਡੇਅ ਮੀਲ ਨੂੰ ਲੈ ਕੇ ਨਵੇਂ ਹੁਕਮ ਜਾਰੀ ਕੀਤੇ ਹਨ। ਸਿੱਖਿਆ ਵਿਭਾਗ ਨੇ ਮਿਡ-ਡੇ-ਮੀਲ ਦਾ ਮੇਨੂ ਬਦਲ ਦਿੱਤਾ ਹੈ। ਨਵੇਂ ਹੁਕਮਾਂ ਤਹਿਤ ਪੰਜਾਬ ਵਿੱਚ ਸਕੂਲ ਖੁੱਲ੍ਹਣ ਤੋਂ ਬਾਅਦ ਬੱਚਿਆਂ ਨੂੰ ਤਾਜ਼ਾ ‘ਦੇਸੀ ਘਿਓ ਦਾ ਹਲਵਾ’ ਪਰੋਸਿਆ ਜਾਵੇਗਾ। ਇਹ ਫੈਸਲਾ ਸਕੂਲੀ ਭੋਜਨ ਦੀ ਗੁਣਵੱਤਾ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਪੌਸ਼ਟਿਕ ਅਤੇ ਊਰਜਾ ਵਧਾਉਣ ਵਾਲਾ ਭੋਜਨ ਪ੍ਰਦਾਨ ਕਰਨਾ ਹੈ।
ਸਿੱਖਿਆ ਵਿਭਾਗ ਨੇ ਸਕੂਲਾਂ ਨੂੰ 1 ਤੋਂ 31 ਜਨਵਰੀ ਤੱਕ ਹਰ ਬੁੱਧਵਾਰ ਨੂੰ ‘ਦੇਸੀ ਘਿਓ ਦੇ ਹਲਵੇ’ ਨਾਲ ਕਾਲੇ/ਚਨੇ ਅਤੇ ਪੁਰੀ/ਚਪਾਤੀ ਪਰੋਸਣ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਕੂਲ ਇਸ ਸਮੇਂ ਸਰਦੀਆਂ ਦੀਆਂ ਛੁੱਟੀਆਂ ਕਾਰਨ ਬੰਦ ਹਨ ਅਤੇ 8 ਜਨਵਰੀ ਨੂੰ ਮੁੜ ਖੁੱਲ੍ਹਣਗੇ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮਿਡ-ਡੇ-ਮੀਲ ਵਿੱਚ ਮੌਸਮੀ ਫਲਾਂ ਨੂੰ ਸ਼ਾਮਲ ਕੀਤਾ ਸੀ।
