ਚੰਡੀਗੜ੍ਹ: ਹਰਿਆਣਾ ਸਰਕਾਰ ਸੂਬੇ ਦੇ ਸਰਕਾਰੀ ਸਿਹਤ ਕੇਂਦਰਾਂ ਨੂੰ ਡਿਜੀਟਲ ਪਲੇਟਫਾਰਮ ’ਤੇ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਇਸ ਤਹਿਤ ਸਾਰੇ ਸਰਕਾਰੀ ਹਸਪਤਾਲਾਂ, ਪ੍ਰਾਇਮਰੀ ਹੈਲਥ ਸੈਂਟਰਾਂ, ਸਬ-ਹੈਲਥ ਸੈਂਟਰਾਂ ਅਤੇ ਆਯੁਸ਼ ਕੇਂਦਰਾਂ ਦੀ ਜਾਣਕਾਰੀ ਇੱਕੋ ਡਿਜੀਟਲ ਮੈਪ ’ਤੇ ਉਪਲਬਧ ਕਰਵਾਈ ਜਾਵੇਗੀ। ਇਸ ਨਾਲ ਲੋਕਾਂ ਨੂੰ ਮੋਬਾਈਲ ’ਤੇ ਇੱਕ ਕਲਿੱਕ ਰਾਹੀਂ ਆਪਣੇ ਇਲਾਕੇ ਦੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਮਿਲ ਸਕੇਗੀ।
ਇਸ ਪ੍ਰੋਜੈਕਟ ਨੂੰ ਜਿਓਗ੍ਰਾਫਿਕਲ ਇਨਫਰਮੇਸ਼ਨ ਸਿਸਟਮ (GIS) ਤਕਨੀਕ ਰਾਹੀਂ ਤਿਆਰ ਕੀਤਾ ਜਾ ਰਿਹਾ ਹੈ। ਇਸ ਦਾ ਮੁੱਖ ਉਦੇਸ਼ ਸਿਹਤ ਵਿਭਾਗ, ਆਯੁਸ਼ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਅਧੀਨ ਆਉਂਦੇ ਸਾਰੇ ਸਿਹਤ ਸੰਸਥਾਨਾਂ ਦਾ ਰਿਕਾਰਡ ਇੱਕ ਸਾਂਝੇ ਪਲੇਟਫਾਰਮ ’ਤੇ ਇਕੱਠਾ ਕਰਨਾ ਹੈ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਐਤਵਾਰ ਨੂੰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਕੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਮੀਟਿੰਗ ਦੌਰਾਨ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਸਿਹਤ ਸਹੂਲਤਾਂ ਦੀ GIS ਮੈਪਿੰਗ ਨਾਲ ਸਬੰਧਤ ਡਾਟਾ ਵੀ ਪੇਸ਼ ਕੀਤਾ ਗਿਆ।
ਡਾ. ਮਿਸ਼ਰਾ ਨੇ ਦੱਸਿਆ ਕਿ ਡਿਜੀਟਲ ਮੈਪ ਤਿਆਰ ਹੋਣ ਨਾਲ ਕਿਸੇ ਵੀ ਸਿਹਤ ਸੰਸਥਾਨ ਦੀ ਸਹੀ ਲੋਕੇਸ਼ਨ, ਉਸ ਬਾਰੇ ਮੁੱਢਲੀ ਜਾਣਕਾਰੀ ਅਤੇ ਤਸਵੀਰਾਂ ਆਸਾਨੀ ਨਾਲ ਦੇਖੀਆਂ ਜਾ ਸਕਣਗੀਆਂ। ਇਸ ਤਰ੍ਹਾਂ ਸੂਬੇ ਦੇ ਸਿਹਤ ਨੈੱਟਵਰਕ ਨਾਲ ਜੁੜਿਆ ਅਹਿਮ ਰਿਕਾਰਡ ਇੱਕੋ ਥਾਂ ’ਤੇ ਮਿਲੇਗਾ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਵੱਖ-ਵੱਖ ਵਿਭਾਗਾਂ ਦੇ ਡਾਟੇ ਨੂੰ ਇੱਕ ਪਲੇਟਫਾਰਮ ’ਤੇ ਇਕੱਠਾ ਕਰਨ ਅਤੇ ਜਿੱਥੇ ਸੰਭਵ ਹੋਵੇ, ਇਸ ਜਾਣਕਾਰੀ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਕਿਹਾ।
ਸਰਕਾਰ ਦੀ ਇਸ ਪਹਿਲ ਨਾਲ ਸਿਹਤ ਸੇਵਾਵਾਂ ਦੀ ਯੋਜਨਾਬੰਦੀ ਵਿੱਚ ਵੀ ਮਦਦ ਮਿਲਣ ਦੀ ਉਮੀਦ ਹੈ। ਡਿਜੀਟਲ ਮੈਪ ਰਾਹੀਂ ਅਧਿਕਾਰੀ ਇਹ ਪਤਾ ਲਗਾ ਸਕਣਗੇ ਕਿ ਸੂਬੇ ਦੇ ਕਿਹੜੇ ਇਲਾਕਿਆਂ ਵਿੱਚ ਸਿਹਤ ਸਹੂਲਤਾਂ ਦੀ ਘਾਟ ਹੈ ਅਤੇ ਕਿੱਥੇ ਨਵੇਂ ਬੁਨਿਆਦੀ ਢਾਂਚੇ ਦੀ ਲੋੜ ਹੈ।
