ਓਡੀਸ਼ਾ : ਓਡੀਸ਼ਾ ਦੇ ਪੁਰੀ ਵਿੱਚ ਭਗਵਾਨ ਜਗਨਨਾਥ ਰੱਥ ਯਾਤਰਾ ਦੌਰਾਨ ਭਗਦੜ ਕਾਰਨ 3 ਲੋਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪੁਰੀ ਵਿੱਚ ਹੋਈ ਇਸ ਘਟਨਾ ਵਿੱਚ ਕਈ ਲੋਕ ਜ਼ਖਮੀ ਹੋਏ ਹਨ। ਅੱਜ ਰਵਾਇਤੀ ਪਹੰਡੀ ਜਲੂਸ ਵਿੱਚ ਭਗਵਾਨ ਬਲਭਦਰ, ਭਗਵਾਨ ਜਗਨਨਾਥ ਅਤੇ ਦੇਵੀ ਸੁਭਦਰਾ ਨੂੰ ਗੁੰਡੀਚਾ ਮੰਦਰ ਦੇ ਗਰਭ ਗ੍ਰਹਿ ਵਿੱਚ ਲਿਜਾਇਆ ਜਾ ਰਿਹਾ ਸੀ। ਸ਼੍ਰੀ ਗੁੰਡੀਚਾ ਮੰਦਰ ਦੇ ਸਾਹਮਣੇ ਅਚਾਨਕ ਸ਼ਰਧਾਲੂਆਂ ਵਿੱਚ ਭਗਦੜ ਮਚ ਗਈ।
ਲੋਕਾਂ ਨੂੰ ਸੰਭਾਵਣ ਦਾ ਮੌਕਾ ਨਹੀਂ ਮਿਲਿਆ ਅਤੇ ਉਹ ਇੱਕ ਦੂਜੇ ਦੇ ਹੇਠਾਂ ਦੱਬ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸਵੇਰੇ 4 ਤੋਂ 5 ਵਜੇ ਦੇ ਵਿਚਕਾਰ ਹੋਇਆ। ਪੁਲਿਸ ਅਨੁਸਾਰ, ਗੁੰਡੀਚਾ ਮੰਦਰ ਦੇ ਨੇੜੇ ਸਾਰਧਾਬਲੀ ਵਿੱਚ ਹਜ਼ਾਰਾਂ ਸ਼ਰਧਾਲੂ ਇਕੱਠੇ ਹੋਏ ਸਨ। ਸਾਰੇ ਸ਼ਰਧਾਲੂ ਰੱਥ ਦੀ ਰੱਸੀ ਅਤੇ ਭਗਵਾਨ ਦੀ ਮੂਰਤੀ ਨੂੰ ਛੂਹਣ ਦੀ ਕੋਸ਼ਿਸ਼ ਕਰ ਰਹੇ ਸਨ। ਅਚਾਨਕ ਭਗਦੜ ਮਚ ਗਈ।
ਕਈ ਲੋਕਾਂ ਨੂੰ ਕਰਵਾਉਣਾ ਪਿਆ ਦਾਖਲ
ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਵੀ ਰੱਥ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਭਾਰੀ ਭੀੜ ਮੌਜੂਦ ਸੀ। ਸਿਹਤ ਅਧਿਕਾਰੀਆਂ ਅਨੁਸਾਰ, ਭੀੜ ਦੇ ਦਬਾਅ ਅਤੇ ਥਕਾਵਟ ਕਾਰਨ ਲਗਭਗ 750 ਸ਼ਰਧਾਲੂਆਂ ਨੂੰ ਹਸਪਤਾਲ ਵਿੱਚ ਇਲਾਜ ਕਰਵਾਉਣਾ ਪਿਆ। ਇਨ੍ਹਾਂ ਵਿੱਚੋਂ ਲਗਭਗ 230 ਅਜਿਹੇ ਹਨ ਜਿੰਨ੍ਹਾਂ ਨੂੰ ਦਾਖਿਲ ਕਰਵਾਉਣਾ ਪਿਆ। ਦੂਜੇ ਪਾਸੇ, 520 ਤੋਂ ਵੱਧ ਸ਼ਰਧਾਲੂਆਂ ਦਾ ਇਲਾਜ ਜ਼ਿਲ੍ਹਾ ਮੁੱਖ ਦਫ਼ਤਰ ਸਥਿਤ ਹਸਪਤਾਲ ਵਿੱਚ ਕੀਤਾ ਗਿਆ।
ਡਾਕਟਰਾਂ ਅਨੁਸਾਰ, ਜ਼ਿਆਦਾਤਰ ਲੋਕਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਸੀ। ਸ਼ੁੱਕਰਵਾਰ ਸ਼ਾਮ ਨੂੰ ਵੀ, ਭਗਵਾਨ ਜਗਨਨਾਥ ਦੇ ਨੰਦੀਘੋਸ਼ ਰੱਥ ਦੇ ਨੇੜੇ ਹਜ਼ਾਰਾਂ ਸ਼ਰਧਾਲੂਆਂ ਦੀ ਭੀੜ ਇਕੱਠੀ ਹੋ ਗਈ ਸੀ, ਜਿਸ ਕਾਰਨ ਮੰਦਰ ਪ੍ਰਬੰਧਨ ਨੂੰ ਡਰ ਸੀ ਕਿ ਭਗਦੜ ਹੋ ਸਕਦੀ ਹੈ। ਪੁਲਿਸ ਨੂੰ 2 ਘੰਟੇ ਤੱਕ ਰਸਤਾ ਸਾਫ਼ ਕਰਨ ਲਈ ਜੱਦੋ-ਜਹਿਦ ਕਰਨੀ ਪਈ। ਇਸ ਤੋਂ ਬਾਅਦ, ਭਗਵਾਨ ਦੇ ਰੱਥ ਨੂੰ ਕੁਝ ਦੂਰੀ ਤੱਕ ਹੀ ਖਿੱਚਿਆ ਜਾ ਸਕਿਆ।
ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ
ਬਾਅਦ ਵਿੱਚ ਪ੍ਰੋਗਰਾਮ ਬੀਤੇ ਦਿਨ ਤੱਕ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ, ਅੱਜ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਪ੍ਰਬੰਧਨ ਨੂੰ ਜਿਸ ਚੀਜ਼ ਦਾ ਡਰ ਸੀ, ਉਹੀ ਹੋਇਆ। ਭਗਦੜ ਨੂੰ ਰੋਕਿਆ ਨਹੀਂ ਜਾ ਸਕਿਆ ਅਤੇ 3 ਲੋਕਾਂ ਦੀ ਜਾਨ ਚਲੀ ਗਈ।
