ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Punjab Vidhan Sabha Speaker Kultar Singh Sandhawan) ਨੇ ਇੰਗਲੈਂਡ ਦੀਆਂ ਆਮ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ 10 ਪੰਜਾਬੀਆਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਹੈ ਕਿ ਇਹ ਜਿੱਤ ਹਾਊਸ ਆਫ ਕਾਮਨਜ਼ ਵਿੱਚ ਸਿੱਖਾਂ ਅਤੇ ਪੰਜਾਬੀਆਂ ਦੀ ਆਵਾਜ਼ ਬੁਲੰਦ ਕਰੇਗੀ। ਸੰਧਵਾਂ ਨੇ ਅੱਜ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਵਧਾਈ ਸੰਦੇਸ਼ ਦਿੰਦਿਆਂ ਤਨਮਨਜੀਤ ਸਿੰਘ ਢੇਸੀ ਤੇ ਹੋਰਨਾਂ ਵੱਲੋਂ UK ਦੀਆਂ ਆਮ ਚੋਣਾਂ ਵਿੱਚ ਵੱਡੀ ਜਿੱਤ ਦਰਜ ਕਰਨ ਲਈ ਵਧਾਈ। ਉਨ੍ਹਾਂ ਕਿਹਾ ਕਿ ਕੱਲ੍ਹ ਐਲਾਨੇ ਗਏ ਨਤੀਜਿਆਂ ਵਿੱਚ ਲੇਬਰ ਪਾਰਟੀ ਦੀ ਸ਼ਾਨਦਾਰ ਜਿੱਤ ਨਾਲ ਯੂ.ਕੇ. ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਪਾਰਲੀਮੈਂਟ ਵਿੱਚ ਅਹਿਮ ਨੁਮਾਇੰਦਗੀ ਮਿਲੀ ਹੈ।
ਬੁਲਾਰਿਆਂ ਨੇ ਇਨ੍ਹਾਂ ਚੋਣਾਂ ਵਿਚ ਹੋਈ ਜਿੱਤ ਨੂੰ ਪੰਜਾਬੀ ਭਾਈਚਾਰੇ ਲਈ ਇਤਿਹਾਸਕ ਅਤੇ ਮੀਲ ਪੱਥਰ ਦੱਸਦਿਆਂ ਕਿਹਾ ਕਿ ਸਿੱਖ ਆਗੂਆਂ ਦੀ ਇਹ ਜਿੱਤ ਮਾਣਮੱਤੀ ਅਤੇ ਵੱਕਾਰੀ ਜਿੱਤ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਬਰਤਾਨਵੀ ਪਾਰਲੀਮੈਂਟ ਲਈ 5 ਔਰਤਾਂ ਸਮੇਤ 10 ਸਿੱਖ ਤੇ ਪੰਜਾਬੀ ਮੈਂਬਰਾਂ ਦੀ ਚੋਣ ਇਕ ਮਿਸਾਲ ਹੈ। ਯੂ.ਕੇ ਤੋਂ ਨਵੇਂ ਚੁਣੇ ਗਏ ਐਮ.ਪੀ ਆਮ ਲੋਕਾਂ ਅਤੇ ਪੰਜਾਬੀ ਭਾਈਚਾਰੇ ਦੇ ਸਰੋਕਾਰਾਂ ਲਈ ਲਗਾਤਾਰ ਯਤਨਸ਼ੀਲ ਰਹਿਣ ਦੀ ਉਮੀਦ ਹੈ।
