Home Punjab ਪਟਿਆਲਾ ‘ਚ 2 ਦਿਨਾਂ ਅੰਦਰ ਕਤਲ ਦੀ ਦੂਜੀ ਵੱਡੀ ਵਾਰਦਾਤ, ਡੇਅਰੀ ਸੰਚਾਲਕ...

ਪਟਿਆਲਾ ‘ਚ 2 ਦਿਨਾਂ ਅੰਦਰ ਕਤਲ ਦੀ ਦੂਜੀ ਵੱਡੀ ਵਾਰਦਾਤ, ਡੇਅਰੀ ਸੰਚਾਲਕ ਦਾ ਬੇਰਹਿਮੀ ਨਾਲ ਕਤਲ

0

ਪਟਿਆਲਾ : ਪਟਿਆਲਾ ਸ਼ਹਿਰ ਵਿੱਚ ਅਪਰਾਧਿਕ ਘਟਨਾਵਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਦੋ ਦਿਨਾਂ ਦੇ ਅੰਦਰ ਕਤਲ ਦੀ ਦੂਜੀ ਵੱਡੀ ਵਾਰਦਾਤ ਸਾਹਮਣੇ ਆਉਣ ਨਾਲ ਸ਼ਹਿਰ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਤਾਜ਼ਾ ਮਾਮਲੇ ਵਿੱਚ ਕੁਝ ਵਿਅਕਤੀਆਂ ਨੇ ਦੁੱਧ ਦੀ ਡੇਅਰੀ ਚਲਾਉਣ ਵਾਲੇ ਇੱਕ ਵਿਅਕਤੀ ਨੂੰ ਫੋਨ ਕਰਕੇ ਬੁਲਾਇਆ ਅਤੇ ਫਿਰ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।

ਮ੍ਰਿਤਕ ਦੀ ਪਛਾਣ 40 ਸਾਲਾ ਰਵੀਨ ਕੁਮਾਰ ਪੁੱਤਰ ਰਮੇਸ਼ ਚੰਦ, ਵਾਸੀ ਦੀਪ ਨਗਰ ਤ੍ਰਿਪੜੀ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਥਾਣਾ ਤ੍ਰਿਪੜੀ ਦੀ ਪੁਲਿਸ ਨੇ ਮ੍ਰਿਤਕ ਦੇ ਭਰਾ ਕੁਲਵਿੰਦਰ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ ਭੁਪਿੰਦਰ ਸਿੰਘ, ਕੁਲਦੀਪ ਸਿੰਘ ਪੁੱਤਰ ਸੁਖਵੰਤ ਸਿੰਘ, ਸੁਖਵੰਤ ਸਿੰਘ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਇੱਕ ਮੁਲਜ਼ਮ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।

ਫੋਨ ਆਉਣ ਤੋਂ ਬਾਅਦ ਡੇਅਰੀ ਤੋਂ ਨਿਕਲਿਆ ਸੀ ਰਵੀਨ

ਸ਼ਿਕਾਇਤਕਰਤਾ ਕੁਲਵਿੰਦਰ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਫੇਜ਼-3 ਮਾਰਕੀਟ, ਅਰਬਨ ਅਸਟੇਟ ਪਟਿਆਲਾ ਵਿਖੇ ‘ਚੌਧਰੀ ਮਿਲਕ ਪੁਆਇੰਟ’ ਦੇ ਨਾਂ ਨਾਲ ਡੇਅਰੀ ਹੈ। 16 ਨਵੰਬਰ ਦੀ ਸ਼ਾਮ ਕਰੀਬ 8 ਵਜੇ ਉਹ ਆਪਣੇ ਭਰਾ ਰਵੀਨ ਕੁਮਾਰ ਨਾਲ ਦੁਕਾਨ ‘ਤੇ ਮੌਜੂਦ ਸੀ। ਇਸੇ ਦੌਰਾਨ ਕੁਲਦੀਪ ਸਿੰਘ ਦਾ ਫੋਨ ਆਇਆ। ਫੋਨ ‘ਤੇ ਗੱਲਬਾਤ ਕਰਨ ਤੋਂ ਬਾਅਦ ਰਵੀਨ ਉੱਥੋਂ ਚਲਾ ਗਿਆ।

ਜਦੋਂ ਰਾਤ 9 ਵਜੇ ਤੱਕ ਵੀ ਰਵੀਨ ਘਰ ਨਹੀਂ ਪਹੁੰਚਿਆ ਤਾਂ ਉਸ ਦੇ ਭਰਾ ਨੇ ਆਪਣੇ ਮਾਮੇ ਦੇ ਲੜਕੇ ਰਵੀ ਨਾਲ ਮਿਲ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਦੋਂ ਉਹ ਦੀਪ ਨਗਰ ਸਥਿਤ ਆਪਣੇ ਨਿਰਮਾਣ ਅਧੀਨ ਮਕਾਨ ਕੋਲ ਪਹੁੰਚੇ ਤਾਂ ਉੱਥੇ ਦਾ ਨਜ਼ਾਰਾ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ।

ਗਲ ਵਿੱਚ ਪਰਨਾ ਪਾ ਕੇ ਘੁੱਟਿਆ ਜਾ ਰਿਹਾ ਸੀ ਗਲਾ

ਸ਼ਿਕਾਇਤ ਮੁਤਾਬਕ, ਮੋਟਰਸਾਈਕਲ ਦੀ ਲਾਈਟ ਵਿੱਚ ਪਰਿਵਾਰਕ ਮੈਂਬਰਾਂ ਨੇ ਦੇਖਿਆ ਕਿ ਮੁਲਜ਼ਮਾਂ ਨੇ ਰਵੀਨ ਦੇ ਗਲ ਵਿੱਚ ਪਰਨਾ ਪਾ ਕੇ ਉਸ ਦਾ ਗਲਾ ਘੁੱਟਿਆ ਹੋਇਆ ਸੀ। ਭੁਪਿੰਦਰ ਸਿੰਘ ਨੇ ਉਸ ਦੀ ਖੱਬੀ ਬਾਂਹ ‘ਤੇ ਪੈਰ ਰੱਖਿਆ ਹੋਇਆ ਸੀ, ਜਦਕਿ ਸੁਖਵੰਤ ਸਿੰਘ ਨੇ ਸੱਜੀ ਬਾਂਹ ਫੜੀ ਹੋਈ ਸੀ। ਇਸ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀ ਉਸ ਦੀਆਂ ਲੱਤਾਂ ਨੂੰ ਦਬਾ ਰਹੇ ਸਨ।

ਪਰਿਵਾਰਕ ਮੈਂਬਰਾਂ ਨੂੰ ਦੇਖਦਿਆਂ ਹੀ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਇਸ ਤੋਂ ਬਾਅਦ ਰਵੀਨ ਨੂੰ ਤੁਰੰਤ ਮਨੀਪਾਲ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇੱਕ ਮੁਲਜ਼ਮ ਗ੍ਰਿਫ਼ਤਾਰ, ਬਾਕੀਆਂ ਦੀ ਭਾਲ ਜਾਰੀ

ਇਸ ਮਾਮਲੇ ਸਬੰਧੀ ਥਾਣਾ ਤ੍ਰਿਪੜੀ ਦੇ ਐੱਸ.ਐੱਚ.ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਹਾਂਡਾ ਨੇ ਦੱਸਿਆ ਕਿ ਪੁਲਿਸ ਨੇ ਮੁੱਖ ਮੁਲਜ਼ਮ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਬਾਕੀ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਪਟਿਆਲਾ ਵਿੱਚ 16 ਨਵੰਬਰ ਨੂੰ ਹੀ ਪ੍ਰਾਪਰਟੀ ਡੀਲਰ ਸੁਖਵਿੰਦਰ ਸਿੰਘ ਉਰਫ਼ ਗਾਗੂ ‘ਤੇ ਫਾਇਰਿੰਗ ਹੋਈ ਸੀ। ਇਸੇ ਰਾਤ ਐੱਚ.ਡੀ.ਐੱਫ.ਸੀ. ਬੈਂਕ ਦੇ ਮੁਲਾਜ਼ਮ ਰਜਤ ਸ਼ਰਮਾ ਉਰਫ਼ ਤਾਸ਼ੂ ਦਾ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਡੇਅਰੀ ਸੰਚਾਲਕ ਦੇ ਕਤਲ ਦੀ ਘਟਨਾ ਨੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version