ਬਿਆਸ : ਰੇਲਵੇ ਨੇ ਬਿਆਸ ‘ਚ ਹੋਣ ਵਾਲੇ ਰਾਧਾ ਸੁਆਮੀ ਸਤਿਸੰਗ ‘ਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਵਿਸ਼ੇਸ਼ ਰੇਲ ਸੇਵਾਵਾਂ ਦਾ ਐਲਾਨ ਕੀਤਾ ਹੈ। ਇਹ ਵਿਸ਼ੇਸ਼ ਰੇਲ ਗੱਡੀਆਂ ਮਈ ਮਹੀਨੇ ਵਿੱਚ ਚਲਾਈਆਂ ਜਾਣਗੀਆਂ ਅਤੇ ਜਲੰਧਰ ਸਿਟੀ ਰੇਲਵੇ ਸਟੇਸ਼ਨ ‘ਤੇ ਇਨ੍ਹਾਂ ਦਾ ਰੁਕਣਾ ਵੀ ਯਕੀਨੀ ਬਣਾਇਆ ਗਿਆ ਹੈ, ਜਿਸ ਨਾਲ ਜਲੰਧਰ ਅਤੇ ਆਸ ਪਾਸ ਦੇ ਇਲਾਕਿਆਂ ਦੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।
ਰੇਲਵੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੋ ਮੁੱਖ ਰੂਟਾਂ ‘ਤੇ ਸਪੈਸ਼ਲ ਮੇਲ ਐਕਸਪ੍ਰੈਸ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਪਹਿਲੀ ਸੇਵਾ ਹਜ਼ਰਤ ਨਿਜ਼ਾਮੂਦੀਨ ਅਤੇ ਬਿਆਸ ਦੇ ਵਿਚਕਾਰ , ਜਦੋਂ ਕਿ ਦੂਜੀ ਸੇਵਾ ਸਹਾਰਨਪੁਰ ਅਤੇ ਬਿਆਸ ਵਿਚਕਾਰ ਚਲਾਈ ਜਾਵੇਗੀ। ਵਿਸ਼ੇਸ਼ ਰੇਲ ਗੱਡੀ ਨੰਬਰ 04451 ਹਜ਼ਰਤ ਨਿਜ਼ਾਮੂਦੀਨ ਤੋਂ ਬਿਆਸ ਲਈ 1 ਅਤੇ 15 ਮਈ ਨੂੰ ਰਵਾਨਾ ਹੋਵੇਗੀ। ਇਹ ਰੇਲ ਗੱਡੀ ਹਜ਼ਰਤ ਨਿਜ਼ਾਮੂਦੀਨ ਤੋਂ ਸ਼ਾਮ 7.40 ਵਜੇ ਰਵਾਨਾ ਹੋਵੇਗੀ ਅਤੇ ਅਗਲੀ ਸਵੇਰ 4.05 ਵਜੇ ਬਿਆਸ ਪਹੁੰਚੇਗੀ। ਵਾਪਸੀ ਦੀ ਦਿਸ਼ਾ ਵਿੱਚ ਰੇਲ ਗੱਡੀ ਨੰਬਰ 04452 ਬਿਆਸ ਤੋਂ 4 ਮਈ ਅਤੇ 18 ਮਈ ਨੂੰ ਰਾਤ 8.35 ਵਜੇ ਰਵਾਨਾ ਹੋਵੇਗੀ ਅਤੇ ਅਗਲੀ ਸਵੇਰ 4.00 ਵਜੇ ਹਜ਼ਰਤ ਨਿਜ਼ਾਮੂਦੀਨ ਪਹੁੰਚੇਗੀ। ਇਹ ਰੇਲ ਗੱਡੀ ਨਵੀਂ ਦਿੱਲੀ, ਸਬਜ਼ੀ ਮੰਡੀ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ‘ਤੇ ਰੁਕੇਗੀ।
ਰੇਲ ਗੱਡੀ ਨੰਬਰ 04565 ਸਹਾਰਨਪੁਰ ਤੋਂ ਬਿਆਸ ਲਈ 2, 9 ਅਤੇ 16 ਮਈ ਨੂੰ ਚੱਲੇਗੀ। ਇਹ ਰੇਲ ਗੱਡੀ ਸਹਾਰਨਪੁਰ ਤੋਂ ਰਾਤ 8.50 ਵਜੇ ਰਵਾਨਾ ਹੋਵੇਗੀ ਅਤੇ ਅਗਲੀ ਸਵੇਰ 2.15 ਵਜੇ ਬਿਆਸ ਪਹੁੰਚੇਗੀ। ਵਾਪਸੀ ਦੀ ਯਾਤਰਾ ‘ਤੇ ਰੇਲ ਗੱਡੀ ਨੰਬਰ 04566 ਬਿਆਸ ਤੋਂ 4, 11 ਅਤੇ 18 ਮਈ ਨੂੰ ਦੁਪਹਿਰ 3 ਵਜੇ ਰਵਾਨਾ ਹੋਵੇਗੀ ਅਤੇ ਰਾਤ 8.20 ਵਜੇ ਸਹਾਰਨਪੁਰ ਪਹੁੰਚੇਗੀ। ਇਹ ਰੇਲ ਗੱਡੀ ਯਮੁਨਾਨਗਰ, ਜਗਾਧਰੀ, ਜਗਾਧਰੀ ਵਰਕਸ਼ਾਪ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ਰੇਲਵੇ ਸਟੇਸ਼ਨਾਂ ‘ਤੇ ਰੁਕੇਗੀ।