ਚੰਡੀਗੜ੍ਹ/ਕੈਨੇਡਾ: ਕੈਨੇਡਾ ਵਿੱਚ ਇੱਕ ਪੰਜਾਬੀ ਮਹਿਲਾ ਰੇਡੀਓ ਹੋਸਟ ਨਾਲ ਜੁੜਿਆ ਨਸ਼ੀਲੇ ਪਦਾਰਥਾਂ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। Supreme Court of British Columbia ਨੇ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਈ ਗਈ ਮਹਿਲਾ ਨੂੰ ਸਾਢੇ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਪੁਲਿਸ ਦੇ ਮੁਤਾਬਕ, Sukhwinder Kaur Sangha ਨੂੰ ਲਗਭਗ ₹83 ਕਰੋੜ ਮੁੱਲ ਦੀ ਮੈਥਾਮਫੇਟਾਮਾਈਨ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਅਦਾਲਤ ਵਿੱਚ ਉਸਨੇ ਆਪਣੇ ਆਪ ਨੂੰ ਬੇਕਸੂਰ ਦੱਸਣ ਦੀ ਕੋਸ਼ਿਸ਼ ਕੀਤੀ, ਪਰ ਜਾਂਚ ਦੌਰਾਨ ਉਸਦੇ ਮੋਬਾਈਲ ਫੋਨ ਤੋਂ ਮਿਲੇ ਟੈਕਸਟ ਸੁਨੇਹਿਆਂ ਨੇ ਉਸਦੀ ਭੂਮਿਕਾ ਬਾਰੇ ਸਪੱਸ਼ਟ ਸਬੂਤ ਦਿੱਤੇ।
ਅਦਾਲਤੀ ਕਾਰਵਾਈ ਦੌਰਾਨ ਸਾਹਮਣੇ ਆਇਆ ਕਿ ਉਹ ਸਿਰਫ ਇਸ ਤਸਕਰੀ ਨੈਟਵਰਕ ਨਾਲ ਜੁੜੀ ਹੀ ਨਹੀਂ ਸੀ, ਬਲਕਿ ਇਸ ਦੇ ਅੰਦਰ ਇੱਕ ਭਰੋਸੇਯੋਗ ਸਾਥੀ ਵਜੋਂ ਵੀ ਕੰਮ ਕਰ ਰਹੀ ਸੀ।
47 ਸਾਲਾ ਸੁਖਵਿੰਦਰ ਕੌਰ ਸੰਘਾ ਜਲੰਧਰ ਦੇ ਨਕੋਦਰ ਖੇਤਰ ਨਾਲ ਸਬੰਧਿਤ ਹੈ, ਹਾਲਾਂਕਿ ਉਸਦਾ ਜਨਮ ਕੈਨੇਡਾ ਦੇ ਪ੍ਰਿੰਸ ਜਾਰਜ ਵਿੱਚ ਹੋਇਆ ਸੀ। ਪਿਛਲੇ ਦਹਾਕੇ ਵਿੱਚ ਉਸਨੇ ਪੰਜਾਬੀ ਰੇਡੀਓ ਅਤੇ ਟੀਵੀ ਉਦਯੋਗ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਸੀ ਅਤੇ ਉਹ ਇੱਕ ਫ੍ਰੀਲਾਂਸ ਹੋਸਟ ਵਜੋਂ ਕੰਮ ਕਰਦੀ ਰਹੀ ਹੈ।
ਉਸਦੇ ਸ਼ੋਅ ਵਿੱਚ ਅਕਸਰ ਉੱਚ-ਪ੍ਰੋਫਾਈਲ ਸਿਆਸਤਦਾਨ, ਪੁਲਿਸ ਅਧਿਕਾਰੀ ਅਤੇ ਹੋਰ ਮਸ਼ਹੂਰ ਹਸਤੀਆਂ ਸ਼ਾਮਲ ਹੁੰਦੀਆਂ ਸਨ, ਜਿਸ ਨਾਲ ਉਹ ਪੰਜਾਬੀ ਭਾਈਚਾਰੇ ਵਿੱਚ ਇੱਕ ਜਾਣੀ-ਪਹਿਚਾਣੀ ਸ਼ਖਸੀਅਤ ਬਣ ਗਈ ਸੀ।
ਇਸ ਮਾਮਲੇ ਨੇ ਕੈਨੇਡਾ ਅਤੇ ਪੰਜਾਬੀ ਭਾਈਚਾਰੇ ਵਿੱਚ ਚਰਚਾ ਛੇੜ ਦਿੱਤੀ ਹੈ, ਕਿਉਂਕਿ ਇੱਕ ਪ੍ਰਸਿੱਧ ਮੀਡੀਆ ਸ਼ਖਸੀਅਤ ਦਾ ਇਸ ਤਰ੍ਹਾਂ ਦੇ ਗੰਭੀਰ ਅਪਰਾਧ ਵਿੱਚ ਨਾਮ ਆਉਣਾ ਕਾਫ਼ੀ ਚੌਕਾਉਂਦਾ ਹੈ।









