ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਨੇ ਦਸਵੀਂ ਕਲਾਸ ਦੀ ਸਾਲਾਨਾ ਪ੍ਰੀਖਿਆ 2026 ਨੂੰ ਲੈ ਕੇ ਅਹਿਮ ਹਦਾਇਤਾਂ ਜਾਰੀ ਕੀਤੀਆਂ ਹਨ। ਬੋਰਡ ਦੇ ਅਨੁਸਾਰ, ਇਸ ਸਾਲ ਦਸਵੀਂ ਜਮਾਤ ਦੀਆਂ ਉੱਤਰ ਪੱਤਰੀਆਂ ਦੀ ਜਾਂਚ ਔਨਲਾਈਨ ਮਾਧਿਅਮ ਰਾਹੀਂ ਕੀਤੀ ਜਾਵੇਗੀ।
ਜਾਰੀ ਆਦੇਸ਼ਾਂ ਦੇ ਅਨੁਸਾਰ, ਸਬੰਧਤ ਅਧਿਆਪਕ ਆਪਣੀ ਰਜਿਸਟਰਡ ਈਮੇਲ ਆਈਡੀ ਅਤੇ ਰਜਿਸਟਰਡ ਫ਼ੋਨ ਨੰਬਰ ਰਾਹੀਂ ਲੌਗਇਨ ਕਰਕੇ ਉੱਤਰ ਪੱਤਰੀਆਂ ਦੀ ਮਾਰਕਿੰਗ ਕਰਨਗੇ। ਜੇਕਰ ਕਿਸੇ ਅਧਿਆਪਕ ਕੋਲ ਲੌਗਇਨ ਆਈਡੀ ਜਾਂ ਪਾਸਵਰਡ ਨਹੀਂ ਹੈ, ਤਾਂ ਉਹ ਬੋਰਡ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।
ਬੋਰਡ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 11 ਮਾਰਚ, 2026 ਨੂੰ ਸਵੇਰੇ 5:00 ਵਜੇ ਤੋਂ, ਅਧਿਆਪਕਾਂ ਦੀ ਲੌਗਇਨ ਆਈਡੀ ’ਚ ਪੰਜ ਡਮੀ ਉੱਤਰ ਪੱਤਰੀਆਂ ਅਪਲੋਡ ਕੀਤੀਆਂ ਜਾਣਗੀਆਂ, ਜਿਨ੍ਹਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ Evaluation ਲਈ ਅੱਪਲੋਡ ਕਰਨਾ ਹੋਵੇਗਾ। ਇਸ ਤੋਂ ਬਾਅਦ ਉਸੇ ਦਿਨ ਸਵੇਰੇ 4 ਵਜੇ ਤੱਕ ਉਨ੍ਹਾਂ ਦੀ ਸਕਰੀਨ ‘ਤੇ ਨਤੀਜਾ ਦਿਖਾਈ ਦੇਵੇਗਾ ਅਤੇ ਸਹੀ ਜਾਂਚ ਕਰਨ ਵਾਲੇ ਅਧਿਆਪਕਾਂ ਨੂੰ ਅੱਗੇ ਦੀ ਪ੍ਰਕਿਰਿਆ ਲਈ ਚੁਣਿਆ ਜਾਵੇਗਾ। ਇਸ ਤੋਂ ਬਾਅਦ ਚੁਣੇ ਗਏ ਅਧਿਆਪਕਾਂ ਨੂੰ ਪੈੱਨ-ਪੇਪਰ ਟੈਸਟ ਅਤੇ ਹੋਰ ਪੜਾਵਾਂ ਵਿੱਚੋਂ ਵੀ ਗੁਜ਼ਰਨਾ ਹੋਵੇਗਾ। ਇਹ ਪ੍ਰਕਿਰਿਆ 12 ਮਾਰਚ, 2026 ਨੂੰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਚੱਲੇਗੀ। ਇਸ ਦੌਰਾਨ ਇੱਕ ਤਕਨੀਕੀ ਟੀਮ ਵੀ ਮੌਜੂਦ ਰਹੇਗੀ ਤਾਂ ਜੋ ਅਧਿਆਪਕਾਂ ਨੂੰ ਉਨ੍ਹਾਂ ਦੇ ਕਿਸੇ ਵੀ ਸ਼ੰਕੇ ਜਾਂ ਸਵਾਲਾਂ ਦਾ ਹੱਲ ਕਰਨ ਵਿੱਚ ਮਦਦ ਕਰ ਸਕਦੀ ਹੈ। ਬੋਰਡ ਨੇ ਕਿਹਾ ਕਿ ਇਸ ਨਵੀਂ ਪ੍ਰਣਾਲੀ ਦਾ ਉਦੇਸ਼ ਪ੍ਰੀਖਿਆ ਮੁਲਾਂਕਣ ਪ੍ਰਕਿਰਿਆ ਨੂੰ ਵਧੇਰੇ ਪਾਰਦਰਸ਼ੀ ਅਤੇ ਡਿਜੀਟਲ ਬਣਾਉਣਾ ਹੈ।
