ਪੰਜਾਬ ਸਰਕਾਰ ਨੇ PSPCL ਦੇ 3 ਅਧਿਕਾਰੀਆਂ ਨੂੰ ਕੀਤਾ ਮੁਅੱਤਲ

0
115

ਚੰਡੀਗੜ੍ਹ : ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ. ਓ. ਨੇ ਬੀਤੇ ਦਿਨ ਚੰਡੀਗੜ੍ਹ ਵਿਖੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜਾ ਰਹੀ ਜ਼ੀਰੋ ਟਾਲਰੈਂਸ ਨੀਤੀ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਕੋਟਕਪੂਰਾ ਸਥਿਤ ਕੇਂਦਰੀ ਸਟੋਰ ਤੋਂ ਸਕ੍ਰੈਪ ਦੀ ਵਿਕਰੀ ਵਿੱਚ ਧਾਂਦਲੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸੀਨੀਅਰ ਐਕਸੀਅਨ, ਜੇ.ਈ. ਅਤੇ ਸਟੋਰ ਕੀਪਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਜਦਕਿ ਮਾਮਲੇ ਵਿੱਚ ਸ਼ਾਮਲ ਮੁਲਾਜ਼ਮਾਂ ਅਤੇ ਕਾਰੋਬਾਰੀ ਖ਼ਿਲਾਫ਼ ਪੁਲੀਸ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਇਨਫੋਰਸਮੈਂਟ ਵਿੰਗ ਅਤੇ ਟੈਕਨੀਕਲ ਇਨਵੈਸਟੀਗੇਸ਼ਨ ਵਿੰਗ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ‘ਤੇ 25 ਜੁਲਾਈ ਨੂੰ ਪੀ.ਐੱਸ.ਪੀ.ਸੀ. ਦੇ ਇਸ ਕੇਂਦਰੀ ਭੰਡਾਰ ਤੋਂ ਕਬਾੜ ਵੇਚਣ ਜਾਣ ਦੇ ਆਦੇਸ਼ ਦੇ ਤਹਿਤ ਉਠਾਏ ਗਏ ਸਾਮਾਨ ਦੀ ਅਚਾਨਕ ਚੈਕਿੰਗ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਪਾਇਆ ਗਿਆ ਕਿ ਕਬਾੜ ਲੈ ਕੇ ਜਾ ਰਹੇ ਤਿੰਨ ਟਰੱਕਾਂ ਵਿੱਚੋਂ ਇੱਕ ਟਰੱਕ ਵਿੱਚ ਐਲੂਮੀਨੀਅਮ ਕੰਡਕਟਰ ਦੇ ਕਬਾੜ ਦੇ ਹੇਠਾਂ ਨਵਾਂ ਐਲੂਮੀਨੀਅਮ ਕੰਡਕਟਰ ਰੱਖ ਕੇ ਟਰਾਂਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦਾ ਪਤਾ ਨਾ ਲੱਗਣ ‘ਤੇ ਵਿਭਾਗ ਨੂੰ ਮਾਲੀ ਨੁਕਸਾਨ ਹੋ ਸਕਦਾ ਸੀ।

ਉਨ੍ਹਾਂ ਦੱਸਿਆ ਕਿ ਮੌਕੇ ਦੀ ਜਾਂਚ ਦੌਰਾਨ ਜ਼ਿੰਮੇਵਾਰ ਪਾਏ ਗਏ ਅਧਿਕਾਰੀਆਂ ਵਿੱਚੋਂ ਸੀਨੀਅਰ ਐਕਸੀਅਨ ਸਟੋਰ ਬੇਅੰਤ ਸਿੰਘ, ਸਟੋਰ ਇੰਚਾਰਜ ਜੂਨੀਅਰ ਇੰਜਨੀਅਰ ਗੁਰਮੇਲ ਸਿੰਘ ਅਤੇ ਸਟੋਰ ਕੀਪਰ (ਐਲ.ਡੀ.ਸੀ) ਨਿਰਮਲ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ‘ਚ ਦੋਸ਼ੀ ਮੁਲਾਜ਼ਮਾਂ ਅਤੇ ਸਾਮਾਨ ਚੁੱਕਣ ਆਏ ਵਪਾਰੀ ਖ਼ਿਲਾਫ਼ ਵੀ ਪੁਲਿਸ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here