ਪਟਿਆਲਾ : ਪਟਿਆਲਾ ਤੋਂ ਅਹਿਮ ਖ਼ਬਰ ਸਾਹਮਣੇ ਆਈ ਹੈ। ਅੱਜ ਯਾਨੀ ਮੰਗਲਵਾਰ ਨੂੰ ਦੁਪਹਿਰ ਦੇ ਖਾਣੇ ਦੇ ਤੁਰੰਤ ਬਾਅਦ ਪਟਿਆਲਾ ਪੁੱਜੇ ਹਰਪਾਲ ਸਿੰਘ ਚੀਮਾ ਨੇ ਆਬਕਾਰੀ ਕਮਿਸ਼ਨਰ ਦੇ ਨਾਲ ਆਬਕਾਰੀ ਅਤੇ ਕਰ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਅਚਨਚੇਤ ਚੈਕਿੰਗ ਕਰਦਿਆਂ ਵੱਖ-ਵੱਖ ਬਰਾਂਚਾਂ ਵਿੱਚ ਜਾ ਕੇ ਜਾਇਜ਼ਾ ਲਿਆ ਅਤੇ ਇੱਥੇ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਾਜ਼ਰੀ ਜਾਂਚਣ ਦੇ ਨਾਲ-ਨਾਲ ਉਹਨਾਂ ਦੇ ਮੇਜਾਂ ਉੱਤੇ ਪਈਆਂ ਫਾਈਲਾਂ ਦੀ ਵੀ ਜਾਂਚ ਕੀਤੀ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਉਨ੍ਹਾਂ ਦੀ ਇਹ ਚੈਕਿੰਗ ਵਿਸ਼ੇਸ਼ ਕਰਕੇ ਕਈ ਫਾਈਲਾਂ ਅਤੇ ਕੇਸਾਂ ਦਾ ਨਿਪਟਾਰਾ ਕਰਨ ਵਿੱਚ ਹੋ ਰਹੀ ਦੇਰੀ ਦਾ ਕਾਰਨ ਜਾਨਣਾ ਹੈ। ਇਸ ਦੌਰਾਨ ਵਿੱਤ ਮੰਤਰੀ ਅਤੇ ਕਮਿਸ਼ਨਰ ਐਕਸਾਈਜ਼ ਵਿਭਾਗ ਨੇ ਕਈ ਤਰ੍ਹਾਂ ਦੇ ਦਸਤਾਵੇਜ ਆਪਣੇ ਕਬਜ਼ੇ ਵਿੱਚ ਲਏ ਅਤੇ ਕਈਆਂ ਦੀ ਸੂਚੀ ਬਣਾ ਕੇ ਅਗਲੇਰੀ ਕਾਰਵਾਈ ਲਈ ਆਦੇਸ਼ ਦਿੱਤੇ।
ਸਰਕਾਰੀ ਦਸਤਾਵੇਜੀ ਫਾਈਲਾਂ ਦੇ ਨਾਲ ਨਾਲ ਉਨਾਂ ਨੇ ਐਕਸਾਈਜ਼ ਵਿਭਾਗ ਵਿੱਚ ਚੱਲ ਰਹੇ ਕੰਮ ਕਾਜ ਜਿਸ ਵਿੱਚ ਈ ਆਫਿਸ ਮੁੱਖ ਰੂਪ ਨਾਲ ਸ਼ਾਮਿਲ ਹੈ, ਦੀ ਵੀ ਜਾਂਚ ਕੀਤੀ ਅਤੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਕਿ ਇੱਕ ਕੇਸ ਜਾਂ ਫਾਈਲ ਨਿਪਟਾਉਣ ਵਿੱਚ ਕਿੰਨੀ ਦੇਰੀ ਹੋ ਰਹੀ ਹੈ ਅਤੇ ਕੀ ਇਹ ਕੰਮ ਤੁਰੰਤ ਹੋ ਰਹੇ ਨੇ ਜਾ ਇੱਕ ਦੋ ਦਿਨ ਦੀ ਕੁਤਾਹੀ ਵੀ ਵਰਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਕਿ ਕੰਮ ਕਰਨ ਜਾਂ ਫਾਇਲ ਨਿਪਟਾਉਣ ਵਿੱਚ ਦੇਰੀ ਨੂੰ ਵੀ ਭ੍ਰਿਸ਼ਟਾਚਾਰ ਮੰਨਿਆ ਜਾਵੇਗਾ।
ਇਸ ਦੌਰਾਨ ਵਿੱਤ ਮੰਤਰੀ ਨੇ ਵੱਖ-ਵੱਖ ਬਰਾਂਚਾਂ ਦੇ ਸੁਪਰਡੈਂਟ ਅਤੇ ਹੋਰ ਅਧਿਕਾਰੀਆਂ ਨੂੰ ਵੀ ਤਲਬ ਕੀਤਾ ਅਤੇ ਜਿਹੜੇ ਅਧਿਕਾਰੀ ਜਾਂ ਕਰਮਚਾਰੀ ਮੌਕੇ ਉਤੇ ਮੌਜੂਦ ਨਹੀਂ ਸੀ ਉਹਨਾਂ ਦੀ ਹਾਜ਼ਰੀ ਵੀ ਜਾਂਚੀ ਅਤੇ ਜਿਹੜੇ ਅਧਿਕਾਰੀ ਬਿਨਾਂ ਮੂਵਮੈਂਟ ਰਜਿਸਟਰ ਭਰੇ ਆਪਣੇ ਡੈਪੂਟੇਸ਼ਨ ਵਾਲੇ ਸਥਾਨ ਉਤੇ ਗਏ ਹੋਏ ਸਨ ਉਹਨਾਂ ਦੀ ਵੀ ਪੜਤਾਲ ਕੀਤੀ।
ਇਸ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਵਿੱਤ, ਕਰ ਅਤੇ ਆਬਕਾਰੀ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਕੰਮ ਵਿੱਚ ਦੇਰੀ ਕਰਦਾ ਹੈ ਤਾਂ ਉਹ ਵੀ ਭ੍ਰਿਸ਼ਟਾਚਾਰ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਨੈਗੇਟਿਵ ਰਿਪੋਰਟ ਜਾਂ ਪੋਜ਼ੀਟਿਵ ਰਿਪੋਰਟ ਦੇਣੀ ਉਸ ਅਧਿਕਾਰੀ ਦਾ ਅਧਿਕਾਰ ਖੇਤਰ ਹੈ ਲੇਕਿਨ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਣ ਬੁਝ ਕੇ ਕੀਤੀ ਹੋਈ ਦੇਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਆਬਕਾਰੀ ਮੰਤਰੀ ਨੇ ਕਿਹਾ ਕਿ ਜਿਹੜੇ ਅਧਿਕਾਰੀ ਜਾਂ ਕਰਮਚਾਰੀ ਬਿਨਾਂ ਮੂਵਮੈਂਟ ਰਜਿਸਟਰ ਭਰੇ ਦਫ਼ਤਰ ਵਿੱਚ ਮੌਜੂਦ ਨਹੀਂ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਉਹਨਾਂ ਦੱਸਿਆ ਕਿ ਕੁੱਝ ਬਰਾਂਚਾਂ ਦਾ ਰਿਕਾਰਡ ਕਬਜ਼ੇ ਵਿੱਚ ਲਿਆ ਗਿਆ ਹੈ ਅਤੇ ਕੁੱਝ ਅਧਿਕਾਰੀਆਂ ਦੀ ਪੜਤਾਲ ਕਰਨ ਲਈ ਕਹਿ ਦਿੱਤਾ ਗਿਆ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਆਬਕਾਰੀ ਤੇ ਕਰ ਕਮਿਸ਼ਨਰ ਜਤਿੰਦਰ ਜੋਰਵਾਲ, ਡਾਇਰੈਕਟਰ ਇਨਵੇਸਟੀਗੇਸ਼ਨ ਜਸਕਰਨ ਸਿੰਘ ਬਰਾੜ, ਵਧੀਕ ਡਾਇਰੈਕਟਰ ਐਕਸਾਇਜ ਐਂਡ ਟੈਕਸੇਸ਼ਨ ਗੁਰਪ੍ਰੀਤ ਸਿੰਘ, ਏ.ਆਈ.ਜੀ. ਸੁਖਮਿੰਦਰ ਸਿੰਘ ਚੌਹਾਨ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
