ਚੰਡੀਗੜ੍ਹ : ਕੇਂਦਰ ਸਰਕਾਰ ਨੇ ਪੀ.ਐਸ.ਪੀ.ਸੀ.ਐਲ. (Central government PSPCL) ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਵਿੱਤੀ ਸਾਲ 2022-23 ਦੌਰਾਨ 60.51 ਮੈਗਾਵਾਟ ਰੂਫਟਾਪ ਸੋਲਰ ਐਨਰਜੀ ਦੇ ਸਫਲ ਵਾਧੇ ਲਈ 11.39 ਕਰੋੜ ਰੁਪਏ ਦਾ ਵਿੱਤੀ ਪੁਰਸਕਾਰ ਪ੍ਰਦਾਨ ਕੀਤਾ ਹੈ।
ਬਿਜਲੀ ਮੰਤਰੀ ਨੇ ਦਿੱਤੀ ਜਾਣਕਾਰੀ-
ਇਹ ਜਾਣਕਾਰੀ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਮਰੱਥਾ ਵਾਧੇ ਨਾਲ ਪ੍ਰਤੀ ਦਿਨ ਲਗਭਗ 2.4 ਲੱਖ ਯੂਨਿਟ ਸੂਰਜੀ ਊਰਜਾ ਪੈਦਾ ਹੋਣ ਦੀ ਉਮੀਦ ਹੈ, ਜੋ ਕਿ ਪੰਜਾਬ ਵੱਲੋਂ ਸਵੱਛ ਅਤੇ ਟਿਕਾਊ ਊਰਜਾ ਨੂੰ ਅਪਣਾਉਣ ਵੱਲ ਇੱਕ ਅਹਿਮ ਕਦਮ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਵਿੱਤੀ ਸਾਲ 2023-24 ਵਿੱਚ ਵੀ 86 ਮੈਗਾਵਾਟ ਦਾ ਸ਼ਾਨਦਾਰ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ ਵਿੱਚ ਰੂਫਟਾਪ ਸੋਲਰ ਦੀ ਕੁੱਲ ਸਥਾਪਿਤ ਸਮਰੱਥਾ 430 ਮੈਗਾਵਾਟ ਤੱਕ ਪਹੁੰਚ ਗਈ ਹੈ ਜੋ ਕਿ ਨਵਿਆਉਣਯੋਗ ਊਰਜਾ ਪ੍ਰਤੀ ਰਾਜ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪੈਦਾ ਹੋਣ ਵਾਲੀ ਸੂਰਜੀ ਊਰਜਾ ਨਾਲ ਨਾ ਸਿਰਫ਼ ਪੀ.ਐਸ.ਪੀ.ਸੀ.ਐਲ ਦੇ ਖਪਤਕਾਰਾਂ ਦੇ ਬਿਜਲੀ ਬਿੱਲਾਂ ਵਿੱਚ ਭਾਰੀ ਕਮੀ ਆਵੇਗੀ, ਸਗੋਂ ਵਾਤਾਵਰਨ ਨੂੰ ਵੀ ਬਹੁਤ ਲਾਭ ਹੋਵੇਗਾ। ਉਨ੍ਹਾਂ ਰਾਜ ਦੇ ਘਰੇਲੂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਛੱਤਾਂ ‘ਤੇ ਸੋਲਰ ਸਿਸਟਮ ਲਗਾਉਣ ਅਤੇ ਪਹਿਲੇ ਦੋ ਕਿਲੋਵਾਟ ਲਈ 30,000 ਰੁਪਏ ਪ੍ਰਤੀ ਕਿਲੋਵਾਟ, 2 ਤੋਂ 3 ਕਿਲੋਵਾਟ ਲਈ 18,000 ਰੁਪਏ ਪ੍ਰਤੀ ਕਿਲੋਵਾਟ ਅਤੇ ਕੁੱਲ ਤਿੰਨ ਕਿਲੋਵਾਟ ਲਈ 78,000 ਰੁਪਏ ਦੀ ਸਬਸਿਡੀ ਪ੍ਰਾਪਤ ਕਰਨ।
ਬਿਜਲੀ ਮੰਤਰੀ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ ਨੇ ਰੂਫ਼ਟਾਪ ਸੋਲਰ ਨੂੰ ਅਪਣਾਉਣ ਦੀ ਸਹੂਲਤ ਲਈ ਇੱਕ ਸਮਰਪਿਤ ਨੋਡਲ ਦਫ਼ਤਰ ਸ਼ੁਰੂ ਕੀਤਾ ਹੈ। ਇਸ ਪਹਿਲਕਦਮੀ ਦਾ ਉਦੇਸ਼ ਸੂਰਜੀ ਊਰਜਾ ਨੂੰ ਅਪਣਾਉਣ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸਿੰਗਲ-ਪੁਆਇੰਟ ਸੰਪਰਕ ਪ੍ਰਦਾਨ ਕਰਨਾ ਹੈ। ਇਸ ਨੋਡਲ ਦਫ਼ਤਰ ਨਾਲ 9646129246 ‘ਤੇ ਕਾਲ ਕਰਕੇ ਜਾਂ ਈ-ਮੇਲ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।










