ਲੁਧਿਆਣਾ: ਮਹਾਨਗਰ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਲੁਧਿਆਣਾ ਕਮਿਸ਼ਨਰੇਟ ਪੁਲਿਸ ਵਲੋਂ ਪੂਰੇ ਸ਼ਹਿਰ ਵਿਚ ਵੱਡੇ ਪੱਧਰ ‘ਤੇ ਕੋਸੋ ਚਲਾਇਆ ਗਿਆ । ਸੀ.ਓ.ਐੱਸ.ਓ. ਪੁਲਿਸ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਡੀ.ਸੀ.ਪੀ (ਸਿਟੀ) ਦੀ ਸਿੱਧੀ ਨਿਗਰਾਨੀ ਹੇਠ ਪੁਲਿਸ ਟੀਮਾਂ ਨੇ ਮੁੱਖ ਬੱਸ ਸਟੈਂਡ ਅਤੇ ਇਸ ਦੇ ਆਲੇ-ਦੁਆਲੇ ਦੇ ਸਾਰੇ ਸੰਵੇਦਨਸ਼ੀਲ ਇਲਾਕਿਆਂ ਨੂੰ ਘੇਰ ਲਿਆ ਅਤੇ ਤਿੱਖੀ ਚੈਕਿੰਗ ਮੁਹਿੰਮ ਚਲਾਈ। ਇਸ ਦੌਰਾਨ ਭੀੜ-ਭੜੱਕੇ ਵਾਲੀਆਂ ਜਨਤਕ ਥਾਵਾਂ ‘ਤੇ ਸ਼ੱਕੀ ਵਿਅਕਤੀਆਂ ਨੂੰ ਘੇਰ ਕੇ ਪੁੱਛਗਿੱਛ ਕੀਤੀ ਗਈ ਅਤੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।
ਬੀਤੇ ਦਿਨ ਡੀ.ਸੀ.ਪੀ. (ਸਿਟੀ) ਆਲਮ ਵਿਜੇ ਸਿੰਘ ਦੀ ਅਗਵਾਈ ਵਿੱਚ ਭਾਰੀ ਪੁਲਿਸ ਫੋਰਸ ਨੇ ਲੁਧਿਆਣਾ ਬੱਸ ਸਟੈਂਡ, ਇਸਦੇ ਪ੍ਰਵੇਸ਼ ਅਤੇ ਨਿਕਾਸ ਗੇਟਾਂ, ਆਟੋ ਸਟੈਂਡ ਅਤੇ ਆਲੇ ਦੁਆਲੇ ਦੇ ਪਾਰਕਿੰਗ ਏਰੀਆ ਨੂੰ ਘੇਰ ਲਿਆ। ਇਸ ਆਪ੍ਰੇਸ਼ਨ ਦਾ ਮੁੱਖ ਉਦੇਸ਼ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਸਮਾਜ ਵਿਰੋਧੀ ਜਾਂ ਅਪਰਾਧਿਕ ਗਤੀਵਿਧੀ ਨੂੰ ਸਮੇਂ ਸਿਰ ਨਾਕਾਮ ਕਰਨਾ ਅਤੇ ਲੋਕਾਂ ਵਿੱਚ ਸੁਰੱਖਿਆ ਦਾ ਭਰੋਸਾ ਬਹਾਲ ਕਰਨਾ ਸੀ। ਪੁਲਿਸ ਟੀਮਾਂ ਨੇ ਲੰਬੀ ਦੂਰੀ ਦੀਆਂ ਬੱਸਾਂ, ਯਾਤਰੀਆਂ ਦੇ ਸ਼ੱਕੀ ਸਮਾਨ ਅਤੇ ਆਸ-ਪਾਸ ਖੜ੍ਹੇ ਦੋਪਹੀਆ ਵਾਹਨਾਂ ਅਤੇ ਚਾਰ ਪਹੀਆ ਵਾਹਨਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ। ਇਸ ਮੁਹਿੰਮ ਦੌਰਾਨ ਪੁਲਿਸ ਨੇ ਬੱਸ ਅੱਡਿਆਂ ਅਤੇ ਆਸ-ਪਾਸ ਦੇ ਬਜ਼ਾਰਾਂ ਵਿੱਚ ਬੇਲੋੜੇ ਘੁੰਮਣ ਜਾਂ ਸ਼ੱਕੀ ਵਿਵਹਾਰ ਕਰਨ ਵਾਲੇ ਲੋਕਾਂ ਨੂੰ ਕਾਬੂ ਕੀਤਾ।
ਉਨ੍ਹਾਂ ਦੇ ਸ਼ਨਾਖਤੀ ਕਾਰਡ ਅਤੇ ਯਾਤਰਾ ਦੇ ਵੇਰਵਿਆਂ ਦੀ ਮੌਕੇ ‘ਤੇ ਜਾਂਚ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਦੇ ਪੁਰਾਣੇ ਅਪਰਾਧਿਕ ਰਿਕਾਰਡ ਦੀ ਜਾਂਚ ਕਰਨ ਲਈ ਸਬੰਧਤ ਥਾਣਿਆਂ ਨਾਲ ਸੰਪਰਕ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਡਰਾਈਵਰਾਂ ਦੇ ਕਾਗਜ਼ਾਤ ਚੈੱਕ ਕਰਨ ਦੇ ਨਾਲ-ਨਾਲ ਨੰਬਰ ਪਲੇਟਾਂ ਦੀ ਵੀ ਜਾਂਚ ਕੀਤੀ। ਬੱਸ ਸਟੈਂਡਾਂ ਤੋਂ ਇਲਾਵਾ, ਕਮਿਸ਼ਨਰੇਟ ਪੁਲਿਸ ਦੇ ਵੱਖ-ਵੱਖ ਵਿੰਗਾਂ ਨੇ ਮਹਾਨਗਰ ਦੇ ਵੱਖ-ਵੱਖ ਪਛਾਣੇ ਗਏ ਸੰਵੇਦਨਸ਼ੀਲ ਅਤੇ ਅਪਰਾਧਿਕ ਹੌਟਸਪੌਟ ਖੇਤਰਾਂ ਵਿੱਚ ਕੋਸੋ ਚਲਾਇਆ । ਇਨ੍ਹਾਂ ਸ਼ਨਾਖਤ ਖੇਤਰਾਂ ਵਿੱਚ ਪੁਲਿਸ ਫੋਰਸ ਨੇ ਸ਼ੱਕੀ ਘਰਾਂ, ਕਿਰਾਏ ਦੇ ਮਕਾਨਾਂ ਅਤੇ ਸੁੰਨਸਾਨ ਥਾਵਾਂ ਦੀ ਵਿਆਪਕ ਤਲਾਸ਼ੀ ਲਈ। ਬਾਹਰੋਂ ਰਹਿੰਦੇ ਕਿਰਾਏਦਾਰਾਂ ਦੇ ਵੈਰੀਫਿਕੇਸ਼ਨ ਰਿਕਾਰਡ ਦੀ ਵੀ ਜਾਂਚ ਕੀਤੀ ਗਈ।
ਸ਼ਾਂਤੀ ਬਣਾਈ ਰੱਖਣ ਲਈ ਮੁਹਿੰਮ ਜਾਰੀ ਰਹੇਗੀ : ਡੀ.ਸੀ.ਪੀ.
ਡੀ.ਸੀ.ਪੀ. (ਸਿਟੀ) ਆਲਮ ਵਿਜੇ ਸਿੰਘ ਦਾ ਕਹਿਣਾ ਹੈ ਕਿ ਇਹ ਵਿਉਂਤਬੱਧ ਕਾਰਵਾਈ ਸਮਾਜ ਵਿਰੋਧੀ ਅਨਸਰਾਂ, ਨਸ਼ਾ ਤਸਕਰਾਂ ਅਤੇ ਨਾਜਾਇਜ਼ ਹਥਿਆਰ ਰੱਖਣ ਵਾਲਿਆਂ ‘ਤੇ ਸ਼ਿਕੰਜਾ ਕੱਸਣ ਲਈ ਕੀਤੀ ਗਈ ਹੈ। ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹਾਲਤ ਵਿੱਚ ਬਰਕਰਾਰ ਰੱਖਿਆ ਜਾਵੇਗਾ। ਆਮ ਲੋਕਾਂ ਦੀ ਸੁਰੱਖਿਆ ਅਤੇ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਦੇ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਧਾਰਮਿਕ ਸਥਾਨਾਂ ਅਤੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿੱਚ ਵੀ ਇਸੇ ਤਰ੍ਹਾਂ ਦੇ ਅਚਨਚੇਤ ਅਤੇ ਨਿਸ਼ਾਨੇ ਵਾਲੇ ਤਲਾਸ਼ੀ ਅਭਿਆਨ ਜਾਰੀ ਰਹਿਣਗੇ।








