ਪਟਿਆਲਾ : ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਧੜੇ ਨੇ ਮਾਘੀ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਕਾਨਫਰੰਸ ਦੌਰਾਨ ਆਪਣੀ ਸਿਆਸੀ ਪਾਰਟੀ ‘ਅਕਾਲੀ ਦਲ (ਵਾਰਿਸ ਪੰਜਾਬ ਦੀ)’ ਦਾ ਐਲਾਨ ਕੀਤਾ। ਹੁਣ ਇਸ ਸਬੰਧੀ ਪੰਜਾਬ ਦੇ ਸੀ.ਐਮ. ਭਗਵੰਤ ਮਾਨ ਦਾ ਪਹਿਲਾ ਪ੍ਰਤੀਕਰਮ ਸਾਹਮਣੇ ਆਇਆ ਹੈ।
ਪਟਿਆਲੇ ‘ਚ ਹੋਟਲ ਰਨਵਾਸ ਦਾ ਉਦਘਾਟਨ ਕਰਨ ਪਹੁੰਚੇ ਸੀ.ਐਮ. ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰ ਕਿਸੇ ਨੂੰ ਪਾਰਟੀ ਬਣਾਉਣ ਦਾ ਹੱਕ ਹੈ ਅਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਈ ਪਾਰਟੀਆਂ ਰਜਿਸਟਰਡ ਹਨ। ਉਹ ਅੱਗੇ ਕਿਹੜਾ ਏਜੰਡਾ ਲੈ ਕੇ ਆਉਂਦਾ ਹੈ, ਉਹ ਏਜੰਡਾ ਪਸੰਦ ਕਰਦਾ ਹੈ ਜਾਂ ਨਹੀਂ, ਇਹ ਲੋਕਾਂ ‘ਤੇ ਨਿਰਭਰ ਕਰਦਾ ਹੈ। ਸੀ.ਐਮ. ਮਾਨ ਨੇ ਕਿਹਾ ਕਿ ਉਹ ਅਕਸਰ ਕਹਿੰਦੇ ਹਨ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ, ਇੱਥੇ ਜੋ ਵੀ ਬੀਜ ਬੀਜੋ ਉਹ ਉੱਗਦਾ ਹੈ ਪਰ ਨਫ਼ਰਤ ਦਾ ਬੀਜ ਨਹੀਂ ਉੱਗਦਾ। ਦੋਹਾਂ ਭਰਾਵਾਂ ਨੂੰ ਇੱਥੇ ਲੜਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਹਰ ਕੋਸ਼ਿਸ਼ ਅਸਫਲ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਮੋਹਰੀ ਸੂਬਾ ਹੈ। ਇੱਥੋਂ ਦੇ ਲੋਕ ਬਹੁਤ ਸਹਿਣਸ਼ੀਲ ਹਨ ਕਿਉਂਕਿ ਉਨ੍ਹਾਂ ਨੇ ਬਹੁਤ ਦੁੱਖ ਝੱਲੇ ਹਨ।








