ਬਟਾਲਾ: ਬਟਾਲਾ ਵਿੱਚ ਮੋਬਾਈਲ ਫੋਨ ਚਾਰਜ ਕਰਨ ਨੂੰ ਲੈ ਕੇ ਹੋਈ ਤਕਰਾਰ ਇੱਕ ਨੌਜਵਾਨ ਦੀ ਮੌਤ ਦਾ ਕਾਰਨ ਬਣ ਗਈ। ਜਲੰਧਰ-ਬਟਾਲਾ-ਅੰਮ੍ਰਿਤਸਰ ਬਾਈਪਾਸ ਨੇੜੇ ਸਥਿਤ ਇੱਕ ਹੋਟਲ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਚਰਚਾ ਦਾ ਮਾਹੌਲ ਬਣ ਗਿਆ। ਮ੍ਰਿਤਕ ਦੀ ਪਛਾਣ 26 ਸਾਲਾ ਵਰਿੰਦਰ ਸਿੰਘ ਵਜੋਂ ਹੋਈ ਹੈ, ਜੋ ਪਿੰਡ ਨਠਵਾਲ ਦਾ ਰਹਿਣ ਵਾਲਾ ਸੀ।
ਦੋਸਤਾਂ ਨਾਲ ਖਾਣਾ ਖਾਣ ਗਿਆ ਸੀ ਵਰਿੰਦਰ
ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ 18 ਅਕਤੂਬਰ ਦੀ ਸ਼ਾਮ ਨੂੰ ਆਪਣੇ ਦੋਸਤਾਂ ਨਾਲ ਹੋਟਲ ਵਿੱਚ ਖਾਣਾ ਖਾਣ ਲਈ ਗਿਆ ਸੀ। ਉੱਥੇ ਪਹਿਲਾਂ ਤੋਂ ਮੌਜੂਦ 8 ਤੋਂ 9 ਵਿਅਕਤੀਆਂ ਨਾਲ ਮੋਬਾਈਲ ਚਾਰਜ ਕਰਨ ਨੂੰ ਲੈ ਕੇ ਉਸ ਦੀ ਬਹਿਸ ਹੋ ਗਈ।
ਪਰਿਵਾਰ ਦੇ ਦੋਸ਼ਾਂ ਮੁਤਾਬਕ, ਤਕਰਾਰ ਤੋਂ ਬਾਅਦ ਉਕਤ ਵਿਅਕਤੀ ਵਰਿੰਦਰ ਨੂੰ ਹੋਟਲ ਤੋਂ ਬਾਹਰ ਲੈ ਗਏ ਅਤੇ ਉਸ ‘ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਅੰਮ੍ਰਿਤਸਰ ਦੇ ਹਸਪਤਾਲ ‘ਚ ਹੋਈ ਮੌਤ
ਜ਼ਖ਼ਮੀ ਵਰਿੰਦਰ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਸ ਦੀ ਹਾਲਤ ਗੰਭੀਰ ਹੋਣ ਕਾਰਨ ਇਲਾਜ ਦੌਰਾਨ ਮੌਤ ਹੋ ਗਈ। ਵਰਿੰਦਰ ਵਿਆਹਿਆ ਹੋਇਆ ਸੀ ਅਤੇ ਉਸ ਦੀ ਇੱਕ ਧੀ ਵੀ ਹੈ।
ਘਟਨਾ ਤੋਂ ਬਾਅਦ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੀ ਕਾਰਵਾਈ ਵੀ ਕੀਤੀ ਗਈ।
ਪਰਿਵਾਰ ਨੇ CCTV ਫੁਟੇਜ ਦੇ ਆਧਾਰ ‘ਤੇ ਕਾਰਵਾਈ ਦੀ ਕੀਤੀ ਮੰਗ
ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਪਿੰਡ ਦੇ ਮੋਹਤਬਰਾਂ ਨਾਲ ਥਾਣਾ ਸਿਵਲ ਲਾਈਨ ਪਹੁੰਚੇ। ਉਨ੍ਹਾਂ ਨੇ ਪੁਲਸ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਇਸ ਮਾਮਲੇ ਸਬੰਧੀ CCTV ਫੁਟੇਜ ਵੀ ਪੁਲਸ ਨੂੰ ਦਿੱਤੀ ਗਈ ਹੈ। ਉਨ੍ਹਾਂ ਦੀ ਮੰਗ ਹੈ ਕਿ ਫੁਟੇਜ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਨਾਮਜ਼ਦ ਮਾਮਲਾ ਦਰਜ ਕੀਤਾ ਜਾਵੇ।
ਇਸ ਸਬੰਧੀ ਐੱਸ.ਐੱਚ.ਓ. ਲਖਵਿੰਦਰ ਸਿੰਘ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ CCTV ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਪਛਾਣ ਹੋਣ ਤੋਂ ਬਾਅਦ ਉਨ੍ਹਾਂ ਨੂੰ ਮਾਮਲੇ ਵਿੱਚ ਨਾਮਜ਼ਦ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।








