HomeWorld Newsਤੁਰਕੀ ਦੇ ਸਟੀਲ ਪਲਾਂਟ 'ਚ ਹੋਇਆ ਭਿਆਨਕ ਧਮਾਕਾ, 16 ਲੋਕਾਂ ਦੀ ਮੌਤ,...

ਤੁਰਕੀ ਦੇ ਸਟੀਲ ਪਲਾਂਟ ‘ਚ ਹੋਇਆ ਭਿਆਨਕ ਧਮਾਕਾ, 16 ਲੋਕਾਂ ਦੀ ਮੌਤ, 13 ਜ਼ਖ਼ਮੀ

ਇਸਤਾਂਬੁਲ: ਤੁਰਕੀ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਇੱਕ ਸਟੀਲ ਪਲਾਂਟ ਵਿੱਚ ਸੋਮਵਾਰ ਨੂੰ ਜ਼ਬਰਦਸਤ ਧਮਾਕਾ ਹੋਣ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋ ਗਈ, ਜਦਕਿ 13 ਹੋਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਗਈ।

ਜਾਣਕਾਰੀ ਮੁਤਾਬਕ ਇਹ ਹਾਦਸਾ ਇਜ਼ਮੀਰ ਸੂਬੇ ਦੇ ਅਲੀਆਗਾ ਇਲਾਕੇ ਵਿੱਚ ਸਥਿਤ ‘ਹਬਾਸ’ (HABAS) ਸਟੀਲ ਪਲਾਂਟ ਵਿੱਚ ਵਾਪਰਿਆ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਦੱਸਿਆ ਕਿ ਹਾਦਸੇ ਦੀ ਨਿਆਂਇਕ ਅਤੇ ਪ੍ਰਸ਼ਾਸਨਿਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਦੌਰਾਨ ਧਮਾਕੇ ਦੇ ਕਾਰਨਾਂ ਅਤੇ ਕਿਸੇ ਸੰਭਾਵਿਤ ਲਾਪਰਵਾਹੀ ਦੀ ਵੀ ਪੜਤਾਲ ਕੀਤੀ ਜਾਵੇਗੀ।

ਸੂਬੇ ਦੇ ਗਵਰਨਰ ਸੁਲੇਮਾਨ ਏਲਬਾਨ ਮੁਤਾਬਕ ਪਲਾਂਟ ਵਿੱਚ ਇੱਕ ਬਾਇਲਰ ਬਦਲਣ ਦਾ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਇੱਕ ਕ੍ਰੇਨ ਭੱਠੀ ਵਿੱਚ ਡਿੱਗ ਗਈ, ਜਿਸ ਕਾਰਨ ਜ਼ਬਰਦਸਤ ਧਮਾਕਾ ਹੋਇਆ ਅਤੇ ਅੱਗ ਫੈਲ ਗਈ। ਮੁਰੰਮਤ ਦੇ ਕੰਮ ਕਾਰਨ ਪਲਾਂਟ ਵਿੱਚ ਉਤਪਾਦਨ ਪਹਿਲਾਂ ਹੀ ਬੰਦ ਸੀ। ਇਸ ਲਈ ਆਮ ਦਿਨਾਂ ਦੇ 300 ਕਰਮਚਾਰੀਆਂ ਦੀ ਬਜਾਏ ਘਟਨਾ ਸਮੇਂ ਕਰੀਬ 200 ਕਰਮਚਾਰੀ ਉੱਥੇ ਮੌਜੂਦ ਸਨ। ਧਮਾਕੇ ਤੋਂ ਬਾਅਦ ਸਾਹਮਣੇ ਆਈਆਂ ਤਸਵੀਰਾਂ ਵਿੱਚ ਪਲਾਂਟ ਦੇ ਅੰਦਰੋਂ ਅੱਗ ਦੀਆਂ ਉੱਚੀਆਂ ਲਪਟਾਂ ਅਤੇ ਧੂੰਏਂ ਦੇ ਵੱਡੇ ਗੁਬਾਰ ਉੱਠਦੇ ਦਿਖਾਈ ਦਿੱਤੇ।

ਘਟਨਾ ਦੇ ਚਸ਼ਮਦੀਦਾਂ ਨੇ ਧਮਾਕੇ ਦੀ ਤੀਬਰਤਾ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਇੱਕ ਚਸ਼ਮਦੀਦ ਨੂਰੀ ਅਲੀ ਉਲਕਰ ਨੇ ਦੱਸਿਆ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਉਨ੍ਹਾਂ ਨੂੰ ਲੱਗਿਆ ਜਿਵੇਂ ਧਰਤੀ ਹਿੱਲ ਗਈ ਹੋਵੇ। ਇੱਕ ਹੋਰ ਵਿਅਕਤੀ ਡੇਨਿਜ਼ ਉਲਕਰ ਮੁਤਾਬਕ ਧਮਾਕੇ ਤੋਂ ਬਾਅਦ ਉਨ੍ਹਾਂ ਨੂੰ ਕੁਝ ਪਲਾਂ ਲਈ ਭੂਚਾਲ ਆਉਣ ਦਾ ਅਹਿਸਾਸ ਹੋਇਆ।

ਗ੍ਰਹਿ ਮੰਤਰੀ ਮੁਸਤਫਾ ਚਿਫਤਚੀ ਨੇ ਦੱਸਿਆ ਕਿ ਐਮਰਜੈਂਸੀ ਟੀਮਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣ ਅਤੇ ਪੀੜਤਾਂ ਨੂੰ ਬਾਹਰ ਕੱਢਣ ਦਾ ਕੰਮ ਕੀਤਾ। ਜ਼ਖ਼ਮੀਆਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਸਿਹਤ ‘ਤੇ ਨਜ਼ਰ ਰੱਖੀ ਜਾ ਰਹੀ ਹੈ।

ਇਸ ਹਾਦਸੇ ਤੋਂ ਬਾਅਦ ਜਾਂਚ ਏਜੰਸੀਆਂ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਨਿੱਜੀ ਸਮਾਚਾਰ ਏਜੰਸੀ ਡੇਮੀਰੋਰੇਨ ਦੀ ਰਿਪੋਰਟ ਮੁਤਾਬਕ ਧਮਾਕੇ ਦੇ ਸਬੰਧ ਵਿੱਚ ਪੰਜ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਹਾਦਸਾ ਕਿਸੇ ਤਕਨੀਕੀ ਖ਼ਰਾਬੀ ਕਾਰਨ ਹੋਇਆ ਜਾਂ ਇਸ ਪਿੱਛੇ ਕੋਈ ਲਾਪਰਵਾਹੀ ਸੀ।

ਜ਼ਿਕਰਯੋਗ ਹੈ ਕਿ HABAS ਪਲਾਂਟ ਦੀ ਸਥਾਪਨਾ 1987 ਵਿੱਚ ਹੋਈ ਸੀ ਅਤੇ ਕੰਪਨੀ ਦੀ ਵੈੱਬਸਾਈਟ ਮੁਤਾਬਕ ਇਸ ਦੀ ਸਾਲਾਨਾ ਸਟੀਲ ਉਤਪਾਦਨ ਸਮਰੱਥਾ 45 ਲੱਖ ਟਨ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments