Home World News ਯਮਨ ‘ਚ ਸਾਊਦੀ ਅਰਬ ਦਾ ਵੱਡਾ ਹਵਾਈ ਹਮਲਾ

ਯਮਨ ‘ਚ ਸਾਊਦੀ ਅਰਬ ਦਾ ਵੱਡਾ ਹਵਾਈ ਹਮਲਾ

0

ਦੁਬਈ: ਯਮਨ ਵਿੱਚ ਹੂਤੀ ਬਾਗੀਆਂ ਅਤੇ ਸਾਊਦੀ ਅਰਬ ਦੀ ਹਮਾਇਤ ਪ੍ਰਾਪਤ ਸਰਕਾਰੀ ਫੌਜਾਂ ਵਿਚਾਲੇ ਟਕਰਾਅ ਇੱਕ ਵਾਰ ਫਿਰ ਤੇਜ਼ ਹੋ ਗਿਆ ਹੈ। ਇਸ ਦੌਰਾਨ ਸਾਊਦੀ ਅਰਬ ਦੇ ਲੜਾਕੂ ਜਹਾਜ਼ਾਂ ਵੱਲੋਂ ਯਮਨ ਦੇ ਪੱਛਮੀ ਅਤੇ ਦੱਖਣ-ਪੱਛਮੀ ਹਿੱਸਿਆਂ ਵਿੱਚ ਹੂਤੀ ਬਾਗੀਆਂ ਦੇ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ ਗਏ। ਇਨ੍ਹਾਂ ਹਮਲਿਆਂ ਵਿੱਚ ਯਮਨ ਦੀ ਰਾਜਧਾਨੀ ਸਨਾ ਸਮੇਤ ਕਈ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ।

ਹੂਤੀ ਸੰਗਠਨ ਦੇ ਬੁਲਾਰੇ ਅਸਬਾਹੀ ਨੇ ਦਾਅਵਾ ਕੀਤਾ ਹੈ ਕਿ ਤਾਇਜ਼ ਸੂਬੇ ਵਿੱਚ ਕੀਤੀ ਗਈ ਬੰਬਾਰੀ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਨਾ ਦੇ ਹੂਤੀ ਬਾਗੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੇ ਰਾਤ ਸਮੇਂ ਕਈ ਜ਼ੋਰਦਾਰ ਧਮਾਕੇ ਸੁਣਨ ਦੀ ਗੱਲ ਕਹੀ ਹੈ। ਸਥਾਨਕ ਲੋਕਾਂ ਮੁਤਾਬਕ ਲਗਾਤਾਰ ਹੋ ਰਹੇ ਧਮਾਕਿਆਂ ਅਤੇ ਹਮਲਿਆਂ ਕਾਰਨ ਆਮ ਲੋਕਾਂ, ਖ਼ਾਸ ਕਰਕੇ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਪ੍ਰਭਾਵਿਤ ਹੋ ਰਹੀ ਹੈ।

ਦੂਜੇ ਪਾਸੇ ਸਾਊਦੀ ਅਰਬ ਦੇ ਜਜ਼ਾਨ ਇਲਾਕੇ ਵਿੱਚ ਸਥਿਤ ਤੇਲ ਰਿਫਾਇਨਰੀ ਨੂੰ ਵੀ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ। ਸਾਊਦੀ ਅਰਬ ਦੇ ਊਰਜਾ ਮੰਤਰਾਲੇ ਅਨੁਸਾਰ ਇਸ ਹਮਲੇ ਵਿੱਚ ਨੇਪਾਲ ਦੇ ਇੱਕ ਕਰਮਚਾਰੀ ਦੀ ਮੌਤ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਸਾਊਦੀ ਅਰਬ ਅਤੇ ਹੂਤੀ ਬਾਗੀਆਂ ਵਿਚਾਲੇ ਵਧ ਰਹੇ ਤਣਾਅ ਕਾਰਨ ਤੇਲ ਨਾਲ ਜੁੜੇ ਅਦਾਰਿਆਂ ਦੀ ਸੁਰੱਖਿਆ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਦੋਵਾਂ ਪਾਸਿਆਂ ਵੱਲੋਂ ਕੀਤੀਆਂ ਜਾ ਰਹੀਆਂ ਫੌਜੀ ਕਾਰਵਾਈਆਂ ਕਾਰਨ ਖੇਤਰ ਵਿੱਚ ਹਾਲਾਤ ਹੋਰ ਤਣਾਅਪੂਰਨ ਹੋਣ ਦਾ ਖ਼ਦਸ਼ਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version