ਰਾਂਚੀ: ਝਾਰਖੰਡ ਵਿੱਚ ਵੱਖ-ਵੱਖ ਕਾਰਵਾਈਆਂ ਦੌਰਾਨ ਕੁੱਲ 441 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ ਗਿਆ ਹੈ, ਜਿਸ ਦੀ ਕੀਮਤ ਲਗਭਗ 2.2 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਨ੍ਹਾਂ ਮਾਮਲਿਆਂ ਵਿੱਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।
ਗੜ੍ਹਵਾ ਜ਼ਿਲ੍ਹੇ ਵਿੱਚ ਪੁਲਿਸ ਨੇ ਬੀਤੇ ਦਿਨ ਗੜ੍ਹਵਾ ਥਾਣਾ ਖੇਤਰ ਦੇ ਕਲਿਆਣਪੁਰ ਓਵਰਬ੍ਰਿਜ ਨੇੜੇ ਖੜ੍ਹੇ ਇੱਕ ਕੰਟੇਨਰ ਟਰੱਕ ਵਿੱਚੋਂ ਕਰੀਬ 2.13 ਕਰੋੜ ਰੁਪਏ ਦੀ ਕੀਮਤ ਵਾਲਾ 426 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ।
ਗੜ੍ਹਵਾ ਦੇ ਪੁਲਿਸ ਸੁਪਰਡੈਂਟ (SP) ਆਸ਼ੂਤੋਸ਼ ਸ਼ੇਖਰ ਨੇ ਦੱਸਿਆ, ”ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਨਸ਼ੀਲੇ ਪਦਾਰਥ ਬਰਾਮਦ ਕਰਨ ਲਈ ਵਾਹਨ ਦੀ ਤਲਾਸ਼ੀ ਲਈ। ਇਸ ਦੌਰਾਨ ਟਰੱਕ ਵਿੱਚੋਂ 426 ਕਿਲੋਗ੍ਰਾਮ ਗਾਂਜਾ ਬਰਾਮਦ ਹੋਇਆ। ਇਸ ਨੂੰ ਇੱਕ-ਇੱਕ ਕਿਲੋਗ੍ਰਾਮ ਦੇ 426 ਪਲਾਸਟਿਕ ਪੈਕੇਟਾਂ ਵਿੱਚ ਰੱਖਿਆ ਗਿਆ ਸੀ। ਜ਼ਬਤ ਕੀਤਾ ਗਿਆ ਗਾਂਜਾ ਟਰੱਕ ਵਿੱਚ ਬਣੀ ਇੱਕ ਗੁਪਤ ਜਗ੍ਹਾ ਵਿੱਚ ਲੁਕਾਇਆ ਹੋਇਆ ਸੀ।”
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ, ਕਿਉਂਕਿ ਕਾਰਵਾਈ ਦੌਰਾਨ ਟਰੱਕ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਜ਼ਬਤ ਕੀਤੇ ਗਏ ਟਰੱਕ ਦੀ ਰਜਿਸਟ੍ਰੇਸ਼ਨ ਉੱਤਰ ਪ੍ਰਦੇਸ਼ ਦੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਜ਼ (NDPS) ਐਕਟ ਤਹਿਤ ਮਾਮਲਾ ਦਰਜ ਕਰਕੇ ਵਿਸਥਾਰਪੂਰਵਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਰੇਲਗੱਡੀ ਵਿੱਚੋਂ ਵੀ 15 ਕਿਲੋ ਗਾਂਜਾ ਬਰਾਮਦ, 4 ਤਸਕਰ ਗ੍ਰਿਫ਼ਤਾਰ
ਇੱਕ ਹੋਰ ਕਾਰਵਾਈ ਦੌਰਾਨ ਰੇਲਵੇ ਸੁਰੱਖਿਆ ਬਲ (RPF) ਨੇ ਸ਼ਨੀਵਾਰ ਰਾਤ ਟਾਟੀਸਿਲਵੇ ਰੇਲਵੇ ਸਟੇਸ਼ਨ ‘ਤੇ ਹਟੀਆ-ਇਸਲਾਮਪੁਰ ਐਕਸਪ੍ਰੈੱਸ ਦੇ ਜਨਰਲ ਡੱਬੇ ਵਿੱਚੋਂ ਚਾਰ ਅੰਤਰਰਾਜੀ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 15 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ। ਇੱਕ ਅਧਿਕਾਰਤ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ।
ਬਿਆਨ ਮੁਤਾਬਕ, ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਓਡੀਸ਼ਾ ਦੇ ਬੋਲਾਂਗੀਰ ਤੋਂ ਗਾਂਜਾ ਖਰੀਦਿਆ ਸੀ ਅਤੇ ਇਸ ਨੂੰ ਬਿਹਾਰ ਦੇ ਚੰਪਾਰਨ ਇਲਾਕੇ ਵਿੱਚ ਲਿਜਾ ਰਹੇ ਸਨ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਤਿੰਨ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਜਦਕਿ ਚੌਥਾ ਮੁਲਜ਼ਮ, ਜੋ ਗਾਂਜੇ ਦਾ ਖਰੀਦਦਾਰ ਵੀ ਹੈ, ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ।
ਜ਼ਬਤ ਕੀਤੇ ਗਏ ਗਾਂਜੇ ਦੀ ਅੰਦਾਜ਼ਨ ਬਾਜ਼ਾਰੀ ਕੀਮਤ ਕਰੀਬ 7.5 ਲੱਖ ਰੁਪਏ ਹੈ। ਬਿਆਨ ਵਿੱਚ ਦੱਸਿਆ ਗਿਆ ਕਿ ਗਾਂਜੇ ਅਤੇ ਚਾਰਾਂ ਮੁਲਜ਼ਮਾਂ ਨੂੰ ਅਗਲੀ ਕਾਰਵਾਈ ਲਈ ਰਾਂਚੀ ਸਰਕਾਰੀ ਰੇਲਵੇ ਪੁਲਿਸ (GRP) ਦੇ ਹਵਾਲੇ ਕਰ ਦਿੱਤਾ ਗਿਆ ਹੈ।






