ਸਲੀਮਪੁਰ ਵਿੱਚ ਖੇਡ ਮੈਦਾਨ ਨੂੰ 17.29 ਲੱਖ ਰੁਪਏ ਅਤੇ ਹਸਨਪੁਰ ਵਿੱਚ 10 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਮੌਕੇ ਰਮਨ ਬਹਿਲ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਬੇਹੱਦ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ‘ਨਸ਼ਿਆਂ ਨੂੰ ਨਾਂਹ, ਖੇਡਾਂ ਨੂੰ ਹਾਂ’ ਦਾ ਸੁਨੇਹਾ ਹਰ ਘਰ ਤੱਕ ਪਹੁੰਚਾਉਣ ਦੀ ਲੋੜ ਹੈ। ਨੌਜਵਾਨ ਪੰਜਾਬ ਦੀ ਤਾਕਤ ਹਨ ਅਤੇ ਖੇਡਾਂ ਉਨ੍ਹਾਂ ਦੀ ਊਰਜਾ ਅਤੇ ਪ੍ਰਤਿਭਾ ਨੂੰ ਸਹੀ ਦਿਸ਼ਾ ਦੇਣ ਦਾ ਪ੍ਰਭਾਵਸ਼ਾਲੀ ਸਾਧਨ ਹਨ। ਪਿੰਡਾਂ ਵਿੱਚ ਆਧੁਨਿਕ ਖੇਡ ਮੈਦਾਨ ਬਣਨ ਨਾਲ ਸਥਾਨਕ ਖਿਡਾਰੀਆਂ ਨੂੰ ਅਭਿਆਸ ਅਤੇ ਆਪਣੀ ਕਾਬਲੀਅਤ ਨਿਖਾਰਨ ਲਈ ਵਧੀਆ ਮੌਕੇ ਮਿਲਣਗੇ।
ਰਮਨ ਬਹਿਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਅਤੇ ਖੇਡਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 3,100 ਪੇਂਡੂ ਖੇਡ ਮੈਦਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਇਸ ਦੇ ਦੂਜੇ ਪੜਾਅ ਤਹਿਤ ਪੇਂਡੂ ਖੇਤਰਾਂ ਵਿੱਚ ਖੇਡ ਸਹੂਲਤਾਂ ਨੂੰ ਹੋਰ ਬਿਹਤਰ ਬਣਾਇਆ ਜਾ ਰਿਹਾ ਹੈ।
ਖੇਡ ਮੈਦਾਨਾਂ ਵਿੱਚ ਮਿਲਣਗੀਆਂ ਆਧੁਨਿਕ ਸਹੂਲਤਾਂ
ਨਵੇਂ ਤਿਆਰ ਕੀਤੇ ਖੇਡ ਮੈਦਾਨਾਂ ਵਿੱਚ ਖਿਡਾਰੀਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਕਈ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਨ੍ਹਾਂ ਵਿੱਚ ਵਾਲੀਬਾਲ ਕੋਰਟ, ਫੈਨਸਿੰਗ, ਟਾਇਲਟ ਬਲਾਕ, ਸਟੋਰ ਰੂਮ, ਆਰ.ਸੀ.ਸੀ. ਬੈਂਚ, 26 ਫੁੱਟ ਉੱਚੀਆਂ ਲਾਈਟਾਂ, ਹਾਈ ਮਾਸਟ ਲਾਈਟਾਂ, ਪਾਰਕ ਲਈ ਪਾਣੀ ਦੀ ਸਪਲਾਈ ਅਤੇ ਗੇਟ ਆਦਿ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਚੌਥਾ ਪੜਾਅ ਵੀ ਸ਼ੁਰੂ ਹੋ ਚੁੱਕਾ ਹੈ। ਇਸ ਤਹਿਤ ਖੇਡ ਮੁਕਾਬਲੇ ਪਿੰਡ ਪੱਧਰ ਤੋਂ ਲੈ ਕੇ ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰ ਤੱਕ ਕਰਵਾਏ ਜਾਣਗੇ। ਜੇਤੂ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਇਨਾਮ ਵੀ ਦਿੱਤੇ ਜਾਣਗੇ।
ਰਮਨ ਬਹਿਲ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ 29 ਆਧੁਨਿਕ ਖੇਡ ਮੈਦਾਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ ਕਈ ਮੈਦਾਨ ਤਿਆਰ ਹੋ ਚੁੱਕੇ ਹਨ ਅਤੇ ਖਿਡਾਰੀਆਂ ਤੇ ਪਿੰਡ ਵਾਸੀਆਂ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ।
ਖਿਡਾਰੀਆਂ ਨੂੰ ਖੇਡ ਕਿੱਟਾਂ ਵੀ ਵੰਡੀਆਂ
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸਿਮਰਨਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਖਿਡਾਰੀਆਂ ਨੂੰ ਫੁੱਟਬਾਲ, ਫੁੱਟਬਾਲ ਬੂਟ, ਫੁੱਟਬਾਲ ਨੈੱਟ, ਵਾਲੀਬਾਲ, ਵਾਲੀਬਾਲ ਨੈੱਟ ਅਤੇ ਕ੍ਰਿਕਟ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ।
ਪਿੰਡ ਵਾਸੀਆਂ ਨੇ ਨਵੇਂ ਖੇਡ ਮੈਦਾਨ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਰਮਨ ਬਹਿਲ ਦਾ ਧੰਨਵਾਦ ਕੀਤਾ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਸਰਪੰਚ, ਪੰਚਾਇਤੀ ਨੁਮਾਇੰਦੇ, ਖੇਡ ਵਿਭਾਗ ਦੇ ਅਧਿਕਾਰੀ ਅਤੇ ਕੋਚ ਵੀ ਮੌਜੂਦ ਰਹੇ।










