ਮੁੰਬਈ: ਮੁੰਬਈ ਦੇ ਕੁਰਲਾ ਇਲਾਕੇ ‘ਚ ਅੱਜ ਸਵੇਰੇ 13 ਮੰਜ਼ਿਲਾ ਰਿਹਾਇਸ਼ੀ ਇਮਾਰਤ ਦੇ ਬਿਜਲੀ ਦੇ ਡੈਕਟ ‘ਚ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਸਮੇਤ 9 ਲੋਕ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਕੁਰਲਾ ਵੈਸਟ ‘ਚ ਸਥਿਤ ਕੋਹਿਨੂਰ ਐਚ.ਡੀ.ਆਈ.ਐਲ. ਦੀ ਬਿਲਡਿੰਗ ਨੰਬਰ ਪੰਜ ‘ਚ ਸਵੇਰੇ 6.53 ਵਜੇ ਅੱਗ ਲੱਗ ਗਈ।
ਬਿਜਲੀ ਦੀਆਂ ਤਾਰਾਂ ਅਤੇ ਡੈਕਟ ਨਾਲ ਅੱਗ ਫੈਲ ਗਈ । ਅੱਗ ਬੁਝਾਊ ਅਮਲੇ ਨੇ ਸਵੇਰੇ 7:21 ਵਜੇ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ। ਇਕ ਅਧਿਕਾਰੀ ਨੇ ਦੱਸਿਆ ਕਿ ਅੱਠ ਲੋਕਾਂ ਨੇ ਸਾਹ ਘੁੱਟਣ ਦੀ ਸ਼ਿਕਾਇਤ ਕੀਤੀ ਕਿਉਂਕਿ ਧੂੰਏਂ ਨਾਲ ਇਮਾਰਤ ਭਰ ਗਈ ਸੀ, ਜਦਕਿ ਇਕ ਵਿਅਕਤੀ ਦੀ ਸੱਜੀ ਲੱਤ ‘ਤੇ ਸੱਟ ਲੱਗੀ ।
ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿੱਚ ਇੱਕ ਪੰਜ ਸਾਲ ਦਾ ਬੱਚਾ, ਦੋ ਕਿਸ਼ੋਰ ਲੜਕੀਆਂ ਅਤੇ ਇੱਕ ਬਜ਼ੁਰਗ ਵੀ ਸ਼ਾਮਲ ਹੈ। ਸਾਰੇ ਜ਼ਖਮੀਆਂ ਨੂੰ ਰਾਜਾਵਾੜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਅਧਿਕਾਰੀਆਂ ਮੁਤਾਬਕ ਮੁੰਬਈ ਫਾਇਰ ਵਿਭਾਗ, ਪੁਲਿਸ, ਬਿਜਲੀ ਕੰਪਨੀ, 108 ਐਂਬੂਲੈਂਸ ਸੇਵਾ ਅਤੇ ਸਥਾਨਕ ਵਾਰਡ ਸਟਾਫ ਨੂੰ ਰਾਹਤ ਅਤੇ ਬਚਾਅ ਕਾਰਜਾਂ ਲਈ ਮੌਕੇ ‘ਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਅਤੇ ਇਸ ਨਾਲ ਹੋਏ ਨੁਕਸਾਨ ਦੀ ਜਾਂਚ ਕੀਤੀ ਜਾ ਰਹੀ ਹੈ।







