Home World News ਮਿਸਰ ‘ਚ ਦੋ ਯਾਤਰੀ ਟਰੇਨਾਂ ਵਿਚਾਲੇ ਜ਼ਬਰਦਸਤ ਟੱਕਰ, 7 ਦੀ ਮੌਤ

ਮਿਸਰ ‘ਚ ਦੋ ਯਾਤਰੀ ਟਰੇਨਾਂ ਵਿਚਾਲੇ ਜ਼ਬਰਦਸਤ ਟੱਕਰ, 7 ਦੀ ਮੌਤ

0

ਇੰਟਰਨੈਸ਼ਨਲ ਡੈਸਕ: ਮਿਸਰ ਤੋਂ ਇੱਕ ਵੱਡੇ ਰੇਲ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਰਾਜਧਾਨੀ ਕਾਹਿਰਾ ਤੋਂ ਕਰੀਬ 76 ਕਿਲੋਮੀਟਰ ਦੂਰ ਗੀਜ਼ਾ ਸੂਬੇ ਦੇ ਅਲ-ਅਯਾਤ ਇਲਾਕੇ ਵਿੱਚ ਦੋ ਯਾਤਰੀ ਟਰੇਨਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ, ਜਦਕਿ 100 ਤੋਂ ਵੱਧ ਯਾਤਰੀ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ।

ਮਿਸਰ ਦੇ ਸਿਹਤ ਮੰਤਰਾਲੇ ਨੇ ਇਸ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਕਿਵੇਂ ਵਾਪਰਿਆ ਭਿਆਨਕ ਰੇਲ ਹਾਦਸਾ?

ਮਿਸਰ ਰੇਲਵੇ ਅਥਾਰਟੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਗੀਜ਼ਾ ਤੋਂ ਫੈਯੂਮ ਵੱਲ ਜਾ ਰਹੀ ਇੱਕ ਯਾਤਰੀ ਟਰੇਨ ਨੇ ਕਾਹਿਰਾ ਤੋਂ ਅਸਵਾਨ ਵੱਲ ਜਾਣ ਵਾਲੀ ਪਟੜੀ ‘ਤੇ ਖੜ੍ਹੀ ਦੂਜੀ ਟਰੇਨ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ।

ਟੱਕਰ ਇੰਨੀ ਭਿਆਨਕ ਸੀ ਕਿ ਟਰੇਨ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ਵਿੱਚ 7 ਲੋਕਾਂ ਦੀ ਜਾਨ ਚਲੀ ਗਈ ਅਤੇ 100 ਤੋਂ ਵੱਧ ਯਾਤਰੀ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਐਮਰਜੈਂਸੀ ਟੀਮਾਂ ਦੇ ਨਾਲ ਕ੍ਰੇਨਾਂ ਦੀ ਮਦਦ ਨਾਲ ਨੁਕਸਾਨੇ ਗਏ ਡੱਬਿਆਂ ਨੂੰ ਪਟੜੀ ਤੋਂ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਤਾਂ ਜੋ ਰੇਲ ਆਵਾਜਾਈ ਮੁੜ ਸ਼ੁਰੂ ਕੀਤੀ ਜਾ ਸਕੇ।

ਰਾਸ਼ਟਰਪਤੀ ਨੇ ਦਿੱਤੇ ਜਾਂਚ ਦੇ ਹੁਕਮ

ਇਸ ਵੱਡੇ ਹਾਦਸੇ ਤੋਂ ਬਾਅਦ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਨੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਮਾਮਲੇ ਦੀ ਤੁਰੰਤ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਰਾਸ਼ਟਰਪਤੀ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਜਾਂਚ ਦੌਰਾਨ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਸਰਕਾਰੀ ਵਕੀਲ ਦੇ ਦਫ਼ਤਰ ਵੱਲੋਂ ਵੀ ਹਾਦਸੇ ਦੇ ਤਕਨੀਕੀ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਟੀਮ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਆਖ਼ਰ ਦੋ ਟਰੇਨਾਂ ਵਿਚਾਲੇ ਇਹ ਭਿਆਨਕ ਟੱਕਰ ਕਿਵੇਂ ਹੋਈ।

ਪਹਿਲਾਂ ਵੀ ਕਈ ਵੱਡੇ ਰੇਲ ਹਾਦਸਿਆਂ ਦਾ ਗਵਾਹ ਬਣ ਚੁੱਕਾ ਹੈ ਮਿਸਰ

ਜ਼ਿਕਰਯੋਗ ਹੈ ਕਿ ਮਿਸਰ ਵਿੱਚ ਰੇਲਵੇ ਦਾ ਕਾਫ਼ੀ ਵੱਡਾ ਅਤੇ ਪੁਰਾਣਾ ਨੈੱਟਵਰਕ ਹੈ। ਇੱਥੇ ਪਹਿਲਾਂ ਵੀ ਕਈ ਵੱਡੇ ਰੇਲ ਹਾਦਸੇ ਵਾਪਰ ਚੁੱਕੇ ਹਨ। ਸਰਕਾਰ ਵੱਲੋਂ ਰੇਲਵੇ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਲਈ ਵੱਡੇ ਪੱਧਰ ‘ਤੇ ਨਿਵੇਸ਼ ਕੀਤਾ ਜਾ ਰਿਹਾ ਹੈ, ਪਰ ਪੁਰਾਣੇ ਰੇਲਵੇ ਟਰੈਕਾਂ ਅਤੇ ਪ੍ਰਬੰਧਾਂ ਨੂੰ ਲੈ ਕੇ ਚੁਣੌਤੀਆਂ ਅਜੇ ਵੀ ਬਣੀਆਂ ਹੋਈਆਂ ਹਨ।

ਸਾਲ 2002 ਵਿੱਚ ਮਿਸਰ ਵਿੱਚ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ ਸੀ, ਜਦੋਂ ਇੱਕ ਯਾਤਰੀ ਟਰੇਨ ਦੇ ਸੱਤ ਡੱਬਿਆਂ ਵਿੱਚ ਅੱਗ ਲੱਗ ਗਈ ਸੀ। ਇਸ ਹਾਦਸੇ ਵਿੱਚ 360 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇਸ ਨੂੰ ਮਿਸਰ ਦੇ ਇਤਿਹਾਸ ਦੇ ਸਭ ਤੋਂ ਭਿਆਨਕ ਰੇਲ ਹਾਦਸਿਆਂ ਵਿੱਚ ਗਿਣਿਆ ਜਾਂਦਾ ਹੈ।

 

NO COMMENTS

LEAVE A REPLY

Please enter your comment!
Please enter your name here

Exit mobile version