Home National CBI ਦੀ ਵੱਡੀ ਕਾਰਵਾਈ, 2026 ‘ਚ ਹੁਣ ਤੱਕ 73 ਭਗੌੜੇ ਭਾਰਤ ਲਿਆਂਦੇ

CBI ਦੀ ਵੱਡੀ ਕਾਰਵਾਈ, 2026 ‘ਚ ਹੁਣ ਤੱਕ 73 ਭਗੌੜੇ ਭਾਰਤ ਲਿਆਂਦੇ

0

ਨਵੀਂ ਦਿੱਲੀ: ਕਤਲ ਦੇ ਇੱਕ ਮਾਮਲੇ ਵਿੱਚ ਕੇਰਲ ਪੁਲਿਸ ਨੂੰ ਲੋੜੀਂਦੇ ਮੁਲਜ਼ਮ ਰਘੇਸ਼ ਉੱਨੀਕੋਚਨ ਨੂੰ UAE ਤੋਂ ਭਾਰਤ ਵਾਪਸ ਲਿਆਂਦਾ ਗਿਆ ਹੈ। ਕੇਂਦਰੀ ਜਾਂਚ ਬਿਊਰੋ (CBI) ਅਤੇ ਇੰਟਰਪੋਲ ਦੀ ਮਦਦ ਨਾਲ ਕੀਤੀ ਗਈ ਇਸ ਕਾਰਵਾਈ ਵਿੱਚ ਮੁਲਜ਼ਮ ਨੂੰ 18 ਨਵੰਬਰ 2026 ਨੂੰ UAE ਤੋਂ ਡਿਪੋਰਟ ਕੀਤਾ ਗਿਆ।

ਜਾਣਕਾਰੀ ਅਨੁਸਾਰ, ਰਘੇਸ਼ ਉੱਨੀਕੋਚਨ ਕੇਰਲ ਵਿੱਚ ਦਰਜ ਇੱਕ ਕਤਲ ਕੇਸ ਵਿੱਚ ਲੋੜੀਂਦਾ ਸੀ। ਜਾਂਚ ਦੌਰਾਨ ਉਹ ਫਰਾਰ ਹੋ ਗਿਆ ਸੀ ਅਤੇ ਕਾਨੂੰਨੀ ਕਾਰਵਾਈ ਤੋਂ ਬਚ ਰਿਹਾ ਸੀ। ਇਸ ਮਾਮਲੇ ਵਿੱਚ ਉਸ ਖ਼ਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਹੋ ਚੁੱਕੀ ਸੀ ਅਤੇ ਅਦਾਲਤ ਵੱਲੋਂ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤਾ ਗਿਆ ਸੀ।

ਇੰਟਰਪੋਲ ਦੇ ਰੈੱਡ ਕਾਰਨਰ ਨੋਟਿਸ ਨਾਲ ਮਿਲਿਆ ਸੁਰਾਗ

ਕੇਰਲ ਪੁਲਿਸ ਦੀ ਬੇਨਤੀ ’ਤੇ CBI ਦੇ ਇੰਟਰਪੋਲ ਵਿੰਗ ਨੇ ਮੁਲਜ਼ਮ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਇਆ ਸੀ। ਇਸ ਤੋਂ ਬਾਅਦ ਇੰਟਰਪੋਲ ਦੀ ਮਦਦ ਨਾਲ ਉਸ ਦੀ ਲੋਕੇਸ਼ਨ UAE ਵਿੱਚ ਟਰੇਸ ਕੀਤੀ ਗਈ।

UAE ਦੀਆਂ ਸਬੰਧਤ ਏਜੰਸੀਆਂ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ। ਲੋੜੀਂਦੀ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਉੱਥੋਂ ਦੇ ਅਧਿਕਾਰੀਆਂ ਨੇ ਉਸ ਨੂੰ ਭਾਰਤ ਡਿਪੋਰਟ ਕਰਨ ਦੀ ਮਨਜ਼ੂਰੀ ਦੇ ਦਿੱਤੀ। ਇਸ ਤੋਂ ਬਾਅਦ ਕੇਰਲ ਪੁਲਿਸ ਦੀ ਟੀਮ UAE ਪਹੁੰਚੀ ਅਤੇ ਮੁਲਜ਼ਮ ਨੂੰ ਆਪਣੀ ਕਸਟਡੀ ਵਿੱਚ ਲੈ ਕੇ ਭਾਰਤ ਲੈ ਆਈ। 18 ਨਵੰਬਰ ਨੂੰ ਉਸ ਨੂੰ ਤਿਰੂਵਨੰਤਪੁਰਮ ਲਿਆਂਦਾ ਗਿਆ।

2019 ਤੋਂ ਹੁਣ ਤੱਕ 281 ਤੋਂ ਵੱਧ ਭਗੌੜੇ ਵਾਪਸ ਲਿਆਂਦੇ

CBI ਮੁਤਾਬਕ, ਇੰਟਰਪੋਲ ਦੇ ਸਹਿਯੋਗ ਨਾਲ ਸਾਲ 2019 ਤੋਂ ਹੁਣ ਤੱਕ 281 ਤੋਂ ਵੱਧ ਭਗੌੜਿਆਂ ਨੂੰ ਵਿਦੇਸ਼ਾਂ ਤੋਂ ਭਾਰਤ ਵਾਪਸ ਲਿਆਂਦਾ ਜਾ ਚੁੱਕਾ ਹੈ। ਸਾਲ 2026 ਵਿੱਚ ਹੁਣ ਤੱਕ 73 ਭਗੌੜਿਆਂ ਦੀ ਵਾਪਸੀ ਹੋਈ ਹੈ।

ਮਹਾਦੇਵ ਐਪ ਦਾ ਪ੍ਰਮੋਟਰ ਵੀ ਓਮਾਨ ਤੋਂ ਲਿਆਂਦਾ ਗਿਆ ਸੀ

ਇਸ ਤੋਂ ਪਹਿਲਾਂ CBI ਨੇ ਹੋਰ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਦੇ ਪ੍ਰਮੋਟਰ ਸੌਰਭ ਚੰਦਰਾਕਰ ਨੂੰ ਓਮਾਨ ਤੋਂ ਭਾਰਤ ਲਿਆਂਦਾ ਸੀ। ਉਸ ਖ਼ਿਲਾਫ਼ ਵੀ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਜਾਰੀ ਸੀ। ਰਾਇਲ ਓਮਾਨ ਪੁਲਿਸ ਵੱਲੋਂ ਉਸ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ CBI ਅਤੇ ED ਦੀਆਂ ਹਵਾਲਗੀ ਬੇਨਤੀਆਂ ਨੂੰ ਮਨਜ਼ੂਰੀ ਮਿਲੀ ਸੀ। ਇਸ ਮਗਰੋਂ CBI ਦੀ ਟੀਮ ਮਸਕਟ ਪਹੁੰਚੀ ਅਤੇ ਉਸ ਨੂੰ ਭਾਰਤ ਲੈ ਕੇ ਆਈ।

CBI ਅਨੁਸਾਰ, ਮਹਾਦੇਵ ਆਨਲਾਈਨ ਬੁੱਕ ਦੇ ਨੈੱਟਵਰਕ ਰਾਹੀਂ ਕ੍ਰਿਕਟ, ਫੁੱਟਬਾਲ ਅਤੇ ਹੋਰ ਖੇਡਾਂ ’ਤੇ ਗੈਰ-ਕਾਨੂੰਨੀ ਸੱਟੇਬਾਜ਼ੀ ਕਰਵਾਈ ਜਾਂਦੀ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਸੱਟੇਬਾਜ਼ੀ ਤੋਂ ਹਾਸਲ ਪੈਸਾ ਮਿਊਲ ਬੈਂਕ ਖਾਤਿਆਂ ਰਾਹੀਂ ਕਈ ਪੱਧਰਾਂ ’ਤੇ ਟਰਾਂਸਫਰ ਕਰਕੇ ਹਵਾਲਾ ਨੈੱਟਵਰਕ ਰਾਹੀਂ ਵਿਦੇਸ਼ ਭੇਜਿਆ ਜਾਂਦਾ ਸੀ।

CBI ਨੇ ਇਸ ਮਾਮਲੇ ਵਿੱਚ ਅਪਰਾਧਿਕ ਸਾਜ਼ਿਸ਼, ਧੋਖਾਧੜੀ, ਜਾਅਲਸਾਜ਼ੀ ਅਤੇ ਭ੍ਰਿਸ਼ਟਾਚਾਰ ਨਾਲ ਜੁੜੀਆਂ ਧਾਰਾਵਾਂ ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਹੈ। ਉੱਧਰ, ED ਵੱਲੋਂ ਭਾਰਤ ਅਤੇ ਵਿਦੇਸ਼ਾਂ ਵਿੱਚ ਸੌਰਭ ਚੰਦਰਾਕਰ ਦੀਆਂ ਕਈ ਜਾਇਦਾਦਾਂ ਵੀ ਕੁਰਕ ਕੀਤੀਆਂ ਜਾ ਚੁੱਕੀਆਂ ਹਨ।

NO COMMENTS

LEAVE A REPLY

Please enter your comment!
Please enter your name here

Exit mobile version