Home National Zepto-Blinkit ਸਮੇਤ ਵੱਡੇ ਫੂਡ ਬ੍ਰਾਂਡਾਂ ਦੇ 105 ਦੇ ਲਾਇਸੈਂਸ ਮੁਅੱਤਲ

Zepto-Blinkit ਸਮੇਤ ਵੱਡੇ ਫੂਡ ਬ੍ਰਾਂਡਾਂ ਦੇ 105 ਦੇ ਲਾਇਸੈਂਸ ਮੁਅੱਤਲ

0

ਮੁੰਬਈ: ਮਹਾਰਾਸ਼ਟਰ ਖੁਰਾਕ ਅਤੇ ਡਰੱਗ ਪ੍ਰਸ਼ਾਸਨ (FDA) ਨੇ ਕਮਿਸ਼ਨਰ ਤੁਕਾਰਾਮ ਮੁੰਡੇ ਦੀ ਅਗਵਾਈ ਹੇਠ ਦੀਵਾਲੀ ਤੋਂ ਪਹਿਲਾਂ ਚਲਾਈ ਗਈ ਵਿਸ਼ੇਸ਼ ਜਾਂਚ ਮੁਹਿੰਮ ਤਹਿਤ ਸੂਬੇ ਭਰ ਵਿੱਚ 105 ਖੁਰਾਕ ਕਾਰੋਬਾਰੀਆਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਹਨ। ਖੁਰਾਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਜ਼ੈਪਟੋ, ਬਲਿੰਕਿਟ ਅਤੇ ਬਿਰਯਾਨੀ ਬਾਏ ਕਿਲੋ ਵਰਗੇ ਕਈ ਵੱਡੇ ਫੂਡ ਬ੍ਰਾਂਡ ਅਤੇ ਕੁਇੱਕ ਕਾਮਰਸ ਪਲੇਟਫਾਰਮ ਵੀ ਜਾਂਚ ਦੇ ਘੇਰੇ ਵਿੱਚ ਆ ਗਏ ਹਨ।

FDA ਨੇ 4 ਅਤੇ 5 ਨਵੰਬਰ ਨੂੰ ਪੂਰੇ ਮਹਾਰਾਸ਼ਟਰ ਵਿੱਚ ਜਾਂਚ ਕੀਤੀ। ਇਕੱਲੇ ਮੁੰਬਈ ਵਿੱਚ ਹੀ 28 ਖੁਰਾਕ ਕਾਰੋਬਾਰੀਆਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਹਨ। ਇਸ ਕਾਰਵਾਈ ਵਿੱਚ ਜ਼ੈਪਟੋ ਦਾ ਵਰਲੀ ਆਊਟਲੈੱਟ ਅਤੇ ਬਲਿੰਕ ਕਾਮਰਸ ਪ੍ਰਾਈਵੇਟ ਲਿਮਟਿਡ ਵੱਲੋਂ ਚਲਾਇਆ ਜਾ ਰਿਹਾ ਬਲਿੰਕਿਟ ਸ਼ਾਮਲ ਹੈ। ਇਸ ਤੋਂ ਇਲਾਵਾ ਬਿਰਯਾਨੀ ਬਾਏ ਕਿਲੋ, ਟੌਸਿਨ ਪੀਜ਼ਾ ਦੇ ਵਰਲੀ ਆਊਟਲੈੱਟ ਅਤੇ ਜੰਬੋ ਬਰਗਰ ਵਰਗੇ ਫੂਡ ਆਊਟਲੈੱਟਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ।

ਸੱਤ ਅਦਾਰਿਆਂ ਨੂੰ ਬੰਦ ਕਰਨ ਦੇ ਹੁਕਮ

ਖੁਰਾਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਨੂੰ ਗੰਭੀਰਤਾ ਨਾਲ ਲੈਂਦਿਆਂ FDA ਨੇ ਸੂਬੇ ਭਰ ਵਿੱਚ ਸੱਤ ਅਦਾਰਿਆਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਵਿੱਚ ਪੁਣੇ ਦੇ ਤਿੰਨ, ਅਮਰਾਵਤੀ ਦੇ ਦੋ ਅਤੇ ਮੁੰਬਈ ਤੇ ਕੋਂਕਣ ਖੇਤਰ ਦਾ ਇੱਕ-ਇੱਕ ਅਦਾਰਾ ਸ਼ਾਮਲ ਹੈ।

ਮੁੰਬਈ ਦੇ ਬੋਰੀਵਲੀ ਸਥਿਤ ‘ਰਾਜਧਾਨੀ ਬਿਰਯਾਨੀ ਸੈਂਟਰ’ ਨੂੰ ‘ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ’ (FSSAI) ਦੇ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।

ਇਸ ਜਾਂਚ ਮੁਹਿੰਮ ਤਹਿਤ ਨਾਗਪੁਰ ਦੇ ਕਾਮਠੀ ਰੋਡ ਸਥਿਤ ਡੀ-ਮਾਰਟ (D-Mart) ਆਊਟਲੈੱਟ ਦੀ ਵੀ ਜਾਂਚ ਕੀਤੀ ਗਈ। ਉੱਥੇ ਲਾਇਸੈਂਸ ਦੀਆਂ ਸ਼ਰਤਾਂ ਦੀ ਉਲੰਘਣਾ ਪਾਏ ਜਾਣ ’ਤੇ ਰਿਫਾਇੰਡ ਸੋਇਆਬੀਨ ਤੇਲ ਜ਼ਬਤ ਕਰ ਲਿਆ ਗਿਆ।

1.35 ਕਰੋੜ ਰੁਪਏ ਤੋਂ ਵੱਧ ਦਾ ਖੁਰਾਕੀ ਸਟਾਕ ਜ਼ਬਤ

ਇਸ ਕਾਰਵਾਈ ਤਹਿਤ FDA ਨੇ 69 ਤੋਂ ਵੱਧ ਅਦਾਰਿਆਂ ਤੋਂ 1.35 ਕਰੋੜ ਰੁਪਏ ਤੋਂ ਵੱਧ ਕੀਮਤ ਦਾ ਖੁਰਾਕੀ ਸਟਾਕ ਜ਼ਬਤ ਕੀਤਾ ਹੈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਜ਼ਬਤ ਕੀਤਾ ਗਿਆ ਸਟਾਕ ਅਸੁਰੱਖਿਅਤ ਜਾਂ ਮਿਲਾਵਟੀ ਹੋ ਸਕਦਾ ਹੈ।

ਇਸ ਮੁਹਿੰਮ ਦੌਰਾਨ ਪਾਬੰਦੀਸ਼ੁਦਾ ਖੁਰਾਕੀ ਉਤਪਾਦਾਂ ਖ਼ਿਲਾਫ਼ ਕਾਰਵਾਈ ਕਰਦਿਆਂ ਤਿੰਨ ਐੱਫ.ਆਈ.ਆਰ. ਵੀ ਦਰਜ ਕੀਤੀਆਂ ਗਈਆਂ ਹਨ। ਇਸ ਆਪ੍ਰੇਸ਼ਨ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਦੋ ਵਾਹਨ ਵੀ ਜ਼ਬਤ ਕੀਤੇ ਗਏ ਹਨ।

FDA ਮੁਖੀ ਨੇ ਸਖ਼ਤ ਕਾਰਵਾਈ ਦੀ ਦਿੱਤੀ ਚਿਤਾਵਨੀ

ਮਹਾਰਾਸ਼ਟਰ FDA ਦੇ ਕਮਿਸ਼ਨਰ ਤੁਕਾਰਾਮ ਮੁੰਡੇ ਨੇ ਖੁਰਾਕ ਕਾਰੋਬਾਰੀਆਂ ਨੂੰ ਜਨਤਕ ਸਿਹਤ ਨਾਲ ਖਿਲਵਾੜ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਖੁਰਾਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਅਸੁਰੱਖਿਅਤ ਖੁਰਾਕੀ ਉਤਪਾਦ ਵੇਚਣ ’ਤੇ ਸਖ਼ਤ ਸਜ਼ਾ ਹੋ ਸਕਦੀ ਹੈ। ਕਾਨੂੰਨ ਤਹਿਤ ਜਿਨ੍ਹਾਂ ਮਾਮਲਿਆਂ ਵਿੱਚ ਅਸੁਰੱਖਿਅਤ ਭੋਜਨ ਖਾਣ ਕਾਰਨ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਉਨ੍ਹਾਂ ਵਿੱਚ ਉਮਰ ਕੈਦ ਅਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

ਇਹ ਵਿਸ਼ੇਸ਼ ਜਾਂਚ ਮੁਹਿੰਮ ਦੀਵਾਲੀ ਤੋਂ ਪਹਿਲਾਂ ਚਲਾਈ ਗਈ ਹੈ, ਕਿਉਂਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਖੁਰਾਕੀ ਵਸਤਾਂ ਦੀ ਖਪਤ ਅਤੇ ਮੰਗ ਵਧ ਜਾਂਦੀ ਹੈ। FDA ਦੀ ਇਸ ਕਾਰਵਾਈ ਦਾ ਉਦੇਸ਼ ਖੁਰਾਕ ਸੁਰੱਖਿਆ ਯਕੀਨੀ ਬਣਾਉਣਾ ਅਤੇ ਪੂਰੇ ਮਹਾਰਾਸ਼ਟਰ ਵਿੱਚ ਅਸੁਰੱਖਿਅਤ ਤੇ ਮਿਲਾਵਟੀ ਉਤਪਾਦਾਂ ਦੀ ਵਿਕਰੀ ’ਤੇ ਰੋਕ ਲਗਾਉਣਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version