ਚੰਡੀਗੜ੍ਹ : ਪੰਜਾਬ ਦਾ ਮੌਸਮ ਇਕ ਵਾਰ ਫਿਰ ਬਦਲਣ ਜਾ ਰਿਹਾ ਹੈ। ਦਰਅਸਲ, ਪਿਛਲੇ ਦਿਨੀਂ ਮੀਂਹ ਅਤੇ ਗੜੇਮਾਰੀ ਕਾਰਨ ਗਰਮੀ ਤੋਂ ਕੁਝ ਰਾਹਤ ਮਿਲੀ ਸੀ, ਪਰ ਫਿਰ ਤੋਂ ਲੋਕ ਗਰਮੀ ਤੋਂ ਪ੍ਰੇਸ਼ਾਨ ਹੋ ਰਹੇ ਹਨ। ਮੌਸਮ ਵਿਭਾਗ ਮੁਤਾਬਕ ਤਾਪਮਾਨ ਇਕ ਵਾਰ ਫਿਰ ਵਧਣਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਵਿਭਾਗ ਨੇ ਆਉਣ ਵਾਲੇ ਦਿਨਾਂ ‘ਚ ਸੂਬੇ ‘ਚ ਲੂ ਦੀ ਚਿਤਾਵਨੀ ਜਾਰੀ ਕੀਤੀ ਹੈ।
ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ‘ਚ ਤਾਪਮਾਨ ‘ਚ 1.3 ਡਿਗਰੀ ਦਾ ਵਾਧਾ ਹੋਇਆ ਹੈ। ਸੂਬੇ ‘ਚ 16, 17 ਅਤੇ 18 ਅਪ੍ਰੈਲ ਨੂੰ ਲੂ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅਜਿਹੇ ‘ਚ ਬੱਚਿਆਂ ਅਤੇ ਬਜ਼ੁਰਗਾਂ ਨੂੰ ਦੁਪਹਿਰ ਨੂੰ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਦੂਜੇ ਪਾਸੇ ਇਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ, ਜਿਸ ਦਾ ਅਸਰ ਪੰਜਾਬ ਦੇ ਮੌਸਮ ‘ਤੇ ਵੀ ਪਵੇਗਾ। 18-19 ਅਪ੍ਰੈਲ ਨੂੰ ਕਈ ਥਾਵਾਂ ‘ਤੇ ਮੀਂਹ ਪੈ ਸਕਦਾ ਹੈ।
ਪੱਛਮੀ ਗੜਬੜੀ ਦੇ ਇਸ ਦੌਰ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ ਵਿੱਚ ਤਾਪਮਾਨ 37 ਡਿਗਰੀ ਸੈਲਸੀਅਸ ਤੋਂ ਹੇਠਾਂ ਰਹੇਗਾ। ਫਿਰ 16 ਅਪ੍ਰੈਲ ਤੋਂ ਪਹਾੜਾਂ ‘ਚ ਪੱਛਮੀ ਗੜਬੜੀ ਦਾ ਇਕ ਹੋਰ ਦੌਰ ਸਰਗਰਮ ਹੋ ਜਾਵੇਗਾ। ਇਸ ਦੌਰਾਨ ਪਹਾੜਾਂ ‘ਚ ਮੀਂਹ ਅਤੇ ਬਰਫ ਡਿੱਗਣ ਤੋਂ ਬਾਅਦ ਮੈਦਾਨੀ ਇਲਾਕਿਆਂ ‘ਚ ਤਾਪਮਾਨ ਵਧਣ ਤੋਂ ਰੁਕਿਆ ਰਹੇਗਾ।