ਚੰਡੀਗੜ੍ਹ : 1992 ਬੈਚ (ਪੰਜਾਬ ਕਾਡਰ) ਦੇ ਆਈ.ਏ.ਐਸ ਅਧਿਕਾਰੀ ਕੇ.ਏ.ਪੀ ਸਿਨਹਾ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਕਈ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪੰਜਾਬ ਦੇ 43ਵੇਂ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ। ਮੌਜੂਦਾ ਮੁੱਖ ਸਕੱਤਰ ਵਿਜੀਲੈਂਸ, ਆਮ ਪ੍ਰਸ਼ਾਸਨ ਅਤੇ ਵਿਜੀਲੈਂਸ ਦੇ ਪ੍ਰਮੁੱਖ ਸਕੱਤਰ ਦਾ ਵਾਧੂ ਚਾਰਜ ਵੀ ਸੰਭਾਲਣਗੇ।
ਇਸ ਮੌਕੇ ਆਪਣੇ ਸੰਬੋਧਨ ‘ਚ ਸਿਨਹਾ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ‘ਚ ਵੱਖ-ਵੱਖ ਅਹੁਦਿਆਂ ‘ਤੇ ਰਹਿੰਦਿਆਂ ਉਨ੍ਹਾਂ ਨੂੰ ਪੰਜਾਬ ਰਾਜ ਅਤੇ ਇੱਥੋਂ ਦੇ ਲੋਕਾਂ ਦਾ ਅਥਾਹ ਪਿਆਰ ਮਿਲਿਆ ਹੈ ਅਤੇ ਹੁਣ ਇਸ ਨਵੇਂ ਅਹੁਦੇ ਦਾ ਚਾਰਜ ਸੰਭਾਲਣ ਮੌਕੇ ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਜੋ ਸਨਮਾਨ ਮਿ ਲਿਆ ਹੈ ਹੁਣ ਉਸ ਨੂੰ ਚੁਕਾਉਣ ਦਾ ਸਮਾਂ ਆ ਗਿਆ ਹੈ, ਜਿਸ ਲਈ ਉਹ ਅਣਥੱਕ ਮਿਹਨਤ ਕਰਨਗੇ।
ਪੰਜਾਬ ਸਰਕਾਰ ਦੇ ਮੁੱਖ ਉਦੇਸ਼ ਦੀ ਤਰ੍ਹਾਂ ਸੂਬੇ ਦੇ ਸਰਵਪੱਖੀ ਵਿਕਾਸ ਨੂੰ ਪਹਿਲ ਦਿੰਦੇ ਹੋਏ ਨਾਗਰਿਕ ਕੇਂਦਰਿਤ ਸੇਵਾਵਾਂ ਲੋਕਾਂ ਨੂੰ ਪਾਰਦਰਸ਼ੀ ਅਤੇ ਮੁਸ਼ਕਲ ਰਹਿਤ ਪ੍ਰਦਾਨ ਕੀਤੀਆਂ ਜਾਂਦੀਆਂ ਰਹਿਣਗੀਆਂ। ਅੱਜ ਹਾਜ਼ਰ ਅਧਿਕਾਰੀਆਂ ਵਿੱਚ ਵਿਕਾਸ ਪ੍ਰਤਾਪ, ਅਲੋਕ ਸ਼ੇਖਰ, ਡੀ.ਕੇ ਤਿਵਾੜੀ, ਤੇਜਵੀਰ ਸਿੰਘ, ਜਸਪ੍ਰੀਤ ਤਲਵਾੜ, ਦਲੀਪ ਕੁਮਾਰ, ਭਾਵਨਾ ਗਰਗ, ਅਜੈ ਸ਼ਰਮਾ, ਗੁਰਕੀਰਤ ਕ੍ਰਿਪਾਲ ਸਿੰਘ, ਵੀ.ਐਨ.ਜੇਡ, ਗੁਰਪ੍ਰੀਤ ਕੌਰ ਸਪਰਾ, ਮਾਲਵਿੰਦਰ ਸਿੰਘ ਜੱਗੀ, ਅਭਿਨਵ ਤ੍ਰਿਖਾ, ਰਾਮਵੀਰ, ਸੋਨਾਲੀ ਗਿਰੀ, ਕੇਸ਼ਵ ਹਿੰਗੋਨੀਆ, ਸੁਰਭੀ ਮਲਿਕ, ਹਰਪ੍ਰੀਤ ਸਿੰਘ ਸੂਦਨ, ਜਸਪ੍ਰੀਤ ਸਿੰਘ, ਰਾਹੁਲ, ਬਲਦੀਪ ਕੌਰ ਅਤੇ ਨੀਰੂ ਕਤਿਆਲ ਗੁਪਤਾ ਆਦਿ ਹਾਜ਼ਰ ਸਨ।
ਇਸ ਮੌਕੇ ਆਈ.ਏ.ਐਸ ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤੇਜਵੀਰ ਸਿੰਘ ਅਤੇ ਹਾਜ਼ਰ ਹੋਰ ਸਾਰੇ ਅਧਿਕਾਰੀਆਂ ਨੇ ਸ਼੍ਰੀ ਸਿਨਹਾ ਨਾਲ ਵੱਖ-ਵੱਖ ਵਿਭਾਗਾਂ ਅਤੇ ਫੀਲਡ ਪੋਸਟਾਂ ਵਿੱਚ ਕੰਮ ਕਰਨ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਭਰੋਸਾ ਦਿਵਾਇਆ ਕਿ ਉਹ ਪੰਜਾਬ ਦੀ ਖੁਸ਼ਹਾਲੀ ਅਤੇ ਵਿਕਾਸ ਲਈ ਇੱਕ ਟੀਮ ਵਜੋਂ ਕੰਮ ਕਰਦੇ ਰਹਿਣਗੇ।
