Home Sports News ਹਾਂਗਕਾਂਗ ਸਿਕਸੇਸ 2026 ਟੂਰਨਾਮੈਂਟ ’ਚ ਭਾਰਤੀ ਟੀਮ ਦਾ ਸਫ਼ਰ ਹੋਇਆ ਖ਼ਤਮ

ਹਾਂਗਕਾਂਗ ਸਿਕਸੇਸ 2026 ਟੂਰਨਾਮੈਂਟ ’ਚ ਭਾਰਤੀ ਟੀਮ ਦਾ ਸਫ਼ਰ ਹੋਇਆ ਖ਼ਤਮ

0

ਸਪੋਰਟਸ ਡੈਸਕ: ਹਾਂਗਕਾਂਗ ਸਿਕਸੇਸ 2026 ਟੂਰਨਾਮੈਂਟ ਵਿੱਚ ਭਾਰਤੀ ਟੀਮ ਦਾ ਸਫ਼ਰ ਖ਼ਤਮ ਹੋ ਗਿਆ ਹੈ। ਪਾਕਿਸਤਾਨ ਤੋਂ ਬਾਅਦ ਹੁਣ ਸੰਯੁਕਤ ਅਰਬ ਅਮੀਰਾਤ (UAE) ਨੇ ਵੀ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਲਗਾਤਾਰ ਦੂਜੀ ਹਾਰ ਨਾਲ ਟੀਮ ਇੰਡੀਆ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ।

UAE ਵਿਰੁੱਧ ਮੁਕਾਬਲੇ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 6 ਵਿਕਟਾਂ ਦੇ ਨੁਕਸਾਨ ‘ਤੇ 94 ਦੌੜਾਂ ਬਣਾਈਆਂ। ਭਾਰਤ ਵੱਲੋਂ ਟੀ. ਨਟਰਾਜਨ ਨੇ ਸਭ ਤੋਂ ਵੱਧ 38 ਦੌੜਾਂ ਬਣਾਈਆਂ। ਉਨ੍ਹਾਂ ਨੇ ਸਿਰਫ਼ 14 ਗੇਂਦਾਂ ਦਾ ਸਾਹਮਣਾ ਕਰਦਿਆਂ 3 ਚੌਕੇ ਅਤੇ 4 ਛੱਕੇ ਜੜੇ। ਇਸ ਤੋਂ ਇਲਾਵਾ ਰਾਹੁਲ ਤ੍ਰਿਪਾਠੀ ਨੇ 7 ਗੇਂਦਾਂ ਵਿੱਚ ਤੇਜ਼ੀ ਨਾਲ 21 ਦੌੜਾਂ ਬਣਾਈਆਂ। ਹਾਲਾਂਕਿ ਸ਼ਸ਼ਾਂਕ ਸਿੰਘ, ਨਿਤੀਸ਼ ਰਾਣਾ ਅਤੇ ਕਪਤਾਨ ਕ੍ਰੁਣਾਲ ਪੰਡਿਆ ਵੱਡੀ ਪਾਰੀ ਖੇਡਣ ਵਿੱਚ ਨਾਕਾਮ ਰਹੇ।

95 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ UAE ਦੀ ਟੀਮ ਨੇ ਭਾਰਤੀ ਗੇਂਦਬਾਜ਼ਾਂ ਨੂੰ ਕੋਈ ਮੌਕਾ ਨਹੀਂ ਦਿੱਤਾ। ਟੀਮ ਨੇ ਬਿਨਾਂ ਕੋਈ ਵਿਕਟ ਗੁਆਏ ਸਿਰਫ਼ 26 ਗੇਂਦਾਂ ਵਿੱਚ ਹੀ ਜਿੱਤ ਦਰਜ ਕਰ ਲਈ।

UAE ਦੇ ਕਪਤਾਨ ਖਾਲਿਦ ਸ਼ਾਹ ਨੇ ਮਹਿਜ਼ 14 ਗੇਂਦਾਂ ਵਿੱਚ ਨਾਬਾਦ 52 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਉਨ੍ਹਾਂ ਦੀ ਪਾਰੀ ਵਿੱਚ 3 ਚੌਕੇ ਅਤੇ 6 ਛੱਕੇ ਸ਼ਾਮਲ ਸਨ। ਦੂਜੇ ਪਾਸੇ ਅੰਸ਼ ਟੰਡਨ ਨੇ ਵੀ 12 ਗੇਂਦਾਂ ਵਿੱਚ 39 ਦੌੜਾਂ ਬਣਾਈਆਂ, ਜਿਸ ਵਿੱਚ 2 ਚੌਕੇ ਅਤੇ 5 ਛੱਕੇ ਸ਼ਾਮਲ ਰਹੇ।

ਇਸ ਤੋਂ ਪਹਿਲਾਂ 30 ਅਕਤੂਬਰ ਨੂੰ ਪਾਕਿਸਤਾਨ ਵਿਰੁੱਧ ਖੇਡੇ ਗਏ ਮੁਕਾਬਲੇ ਵਿੱਚ ਵੀ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਮੈਚ ਵਿੱਚ ਸ਼ਸ਼ਾਂਕ ਸਿੰਘ ਨੇ ਸਿਰਫ਼ 11 ਗੇਂਦਾਂ ਵਿੱਚ 40 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ, ਪਰ ਭਾਰਤੀ ਟੀਮ 6 ਓਵਰਾਂ ਵਿੱਚ 88 ਦੌੜਾਂ ਹੀ ਬਣਾ ਸਕੀ।

ਪਾਕਿਸਤਾਨ ਨੇ ਕਪਤਾਨ ਅੱਬਾਸ ਅਫਰੀਦੀ ਦੀ ਤੂਫ਼ਾਨੀ ਬੱਲੇਬਾਜ਼ੀ ਦੀ ਮਦਦ ਨਾਲ ਸਿਰਫ਼ 23 ਗੇਂਦਾਂ ਵਿੱਚ ਟੀਚਾ ਹਾਸਲ ਕਰ ਲਿਆ ਸੀ। ਉਨ੍ਹਾਂ ਨੇ 8 ਗੇਂਦਾਂ ਵਿੱਚ 35 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਭਾਰਤ ਨੂੰ ਟੂਰਨਾਮੈਂਟ ਵਿੱਚ ਲਗਾਤਾਰ ਦੋ ਹਾਰਾਂ ਦਾ ਸਾਹਮਣਾ ਕਰਨਾ ਪਿਆ।

ਦੋਵੇਂ ਮੁਕਾਬਲਿਆਂ ਵਿੱਚ ਭਾਰਤੀ ਕਪਤਾਨ ਕ੍ਰੁਣਾਲ ਪੰਡਿਆ ਦੀ ਗੇਂਦਬਾਜ਼ੀ ਵੀ ਚਰਚਾ ਦਾ ਵਿਸ਼ਾ ਰਹੀ। ਪਾਕਿਸਤਾਨ ਵਿਰੁੱਧ ਆਪਣੇ ਪਹਿਲੇ ਓਵਰ ਵਿੱਚ ਉਨ੍ਹਾਂ ਨੂੰ ਲਗਾਤਾਰ ਪੰਜ ਛੱਕੇ ਪਏ ਸਨ। UAE ਖ਼ਿਲਾਫ਼ ਵੀ ਉਹ ਸਿਰਫ਼ ਦੋ ਗੇਂਦਾਂ ਹੀ ਕਰਵਾ ਸਕੇ ਅਤੇ ਦੋਵਾਂ ਗੇਂਦਾਂ ‘ਤੇ ਛੱਕੇ ਲੱਗੇ।

ਲਗਾਤਾਰ ਦੋ ਹਾਰਾਂ ਤੋਂ ਬਾਅਦ ਭਾਰਤੀ ਟੀਮ ਦਾ ਹਾਂਗਕਾਂਗ ਸਿਕਸੇਸ 2026 ਵਿੱਚ ਸਫ਼ਰ ਸਮਾਪਤ ਹੋ ਗਿਆ ਹੈ। ਬੱਲੇਬਾਜ਼ੀ ਦੇ ਨਾਲ-ਨਾਲ ਗੇਂਦਬਾਜ਼ੀ ਵਿੱਚ ਵੀ ਟੀਮ ਉਮੀਦਾਂ ‘ਤੇ ਖਰੀ ਨਹੀਂ ਉਤਰ ਸਕੀ।

NO COMMENTS

LEAVE A REPLY

Please enter your comment!
Please enter your name here

Exit mobile version