ਪੰਜਾਬ : ਭਾਰਤੀ ਉਦਯੋਗਪਤੀ ਰਤਨ ਟਾਟਾ ਜੋ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ, ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 86 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਉਨ੍ਹਾਂ ਨੂੰ ਸੋਮਵਾਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਰਤਨ ਟਾਟਾ ਦੇਸ਼ ਦੇ ਪ੍ਰਮੁੱਖ ਉਦਯੋਗਪਤੀਆਂ ਵਿੱਚੋਂ ਇੱਕ ਸਨ। ਰਤਨ ਟਾਟਾ ਦੇ ਦੇਹਾਂਤ ਦੀ ਖਬਰ ਸੁਣਦੇ ਹੀ ਦੇਸ਼ ‘ਚ ਹੀ ਨਹੀਂ ਸਗੋਂ ਪੂਰੀ ਦੁਨੀਆ ‘ਚ ਸੋਗ ਦੀ ਲਹਿਰ ਦੌੜ ਗਈ।
ਵਧਦੀ ਉਮਰ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਰਤਨ ਟਾਟਾ ਨੇ ਮਾਰਚ 1991 ਤੋਂ ਦਸੰਬਰ 2012 ਤੱਕ ਟਾਟਾ ਸਮੂਹ ਦੀ ਅਗਵਾਈ ਕੀਤੀ। ਉਨ੍ਹਾਂ ਨੇ ਟਾਟਾ ਸੰਨਜ਼ ਨੂੰ ਨਮਕ ਤੋਂ ਲੈ ਕੇ ਸਾਫਟਵੇਅਰ ਤੱਕ ਸਭ ਕੁਝ ਬਣਾਉਣ ਵਾਲੀ ਕੰਪਨੀ ਬਣਾ ਦਿੱਤਾ। ਰਤਨ ਟਾਟਾ ਨੇ ਟਾਟਾ ਗਰੁੱਪ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ। ਉਨ੍ਹਾਂ ਦੀ ਅਗਵਾਈ ‘ਚ ਟਾਟਾ ਗਰੁੱਪ ਨੇ ਕਈ ਵੱਡੀਆਂ ਕੰਪਨੀਆਂ ਹਾਸਲ ਕੀਤੀਆਂ। ਟਾਟਾ ਗਰੁੱਪ ਅੱਜ ਦੇਸ਼ ਦੇ ਸਭ ਤੋਂ ਵੱਡੇ ਉਦਯੋਗਿਕ ਘਰਾਣਿਆਂ ਵਿੱਚੋਂ ਇੱਕ ਹੈ।
