ਅੰਮ੍ਰਿਤਸਰ(: ਬਬਲੂ ਮਹਾਜਨ ) ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ 5 ਸਤੰਬਰ ਨੂੰ ਛੁੱਟੀ ਦਾ ਐਲਾਨ ਕਰਨ ਦੀ ਮੰਗ ਨੂੰ ਲੈ ਕੇ ਨਿਹੰਗ ਸਿੰਘ ਦਸਮੇਸ਼ ਤਰਨਾ ਦਲ ਦੇ ਮੁੱਖੀ ਜਥੇਦਾਰ ਬਾਬਾ ਮੇਜਰ ਸਿੰਘ ਅਤੇ ਵਾਲਮੀਕੀ-ਮਜਬੀ ਸਿੱਖ ਸਾਂਝਾ ਸੰਘਰਸ਼ ਫਰੰਟ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਬਾਬਾ ਮੇਜ਼ਰ ਸਿੰਘ ਨੇ ਦੱਸਿਆ ਕਿ ਹਰ ਸਾਲ 5 ਸਤੰਬਰ ਨੂੰ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਜਾਂਦਾ ਹੈ।
ਪਰ ਸਾਲ ਮਜਬੂਰ ਹੋ ਕੇ ਸਮਾਜ ਨੂੰ ਪ੍ਰੈਸ ਕਾਨਫਰੰਸਾਂ, ਧਰਨਿਆਂ ਜਾਂ ਮੰਗ ਪੱਤਰਾਂ ਰਾਹੀਂ ਹੀ ਸਰਕਾਰ ਕੋਲੋਂ ਛੁੱਟੀ ਲੈਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਮਜਬੀ ਇਤਿਹਾਸ ਵਿਚ ਬਾਬਾ ਜੀਵਨ ਸਿੰਘ ਜੀ ਦੀ ਮਹੱਤਵਪੂਰਨ ਭੂਮਿਕਾ ਹੈ ਅਤੇ ਸਰਕਾਰ ਵੱਲੋਂ ਬਣਾਏ ਜਾ ਰਹੇ ਬਾਬਾ ਜੀਵਨ ਸਿੰਘ ਮਮੋਰੀਅਲ ਵਿਚ ਉਨ੍ਹਾਂ ਦੇ ਇਤਿਹਾਸ ਨੂੰ ਸਹੀ ਤਰੀਕੇ ਨਾਲ ਦਰਸਾਉਂਣ ਲਈ ਵਿਦਵਾਨਾਂ ਦੀ ਇਕ ਕਮੇਟੀ ਬਣਾਈ ਜਾਣੀ ਚਾਹੀਦੀ ਹੈ।
ਇਸ ਮੌਕੇ ਗੁਰਬਖ਼ਸ਼ ਸਿੰਘ, ਦਿਲਬਾਗ ਸਿੰਘ, ਮਲਕੀਤ ਸਿੰਘ ਖਾਲਸਾ, ਸਤਨਾਮ ਸਿੰਘ, ਸ਼ਨੀ ਦਾਨਵ, ਭਾਈ ਬਲਜੀਤ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆ ਦੱਸਿਆ ਕਿ 2016 ਵਿਚ ਸ਼ੁਰੂ ਹੋਇਆ ਬਾਬਾ ਜੀਵਨ ਸਿੰਘ ਜੀ ਦਾ ਮਮੋਰੀਅਲ ਹੁਣ ਲਗਭਗ ਤਿਆਰ ਹੈ ਅਤੇ ਉਮੀਦ ਹੈ ਕਿ 5 ਸਤੰਬਰ ਨੂੰ ਇਹ ਸੰਗਤਾਂ ਨੂੰ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਨੋਟੀਫਿਕੇਸ਼ਨ ਜਾਰੀ ਕਰਕੇ 5 ਸਤੰਬਰ ਨੂੰ ਪੱਕੀ ਛੁੱਟੀ ਦਾ ਦਰਜਾ ਦਿੱਤਾ ਜਾਵੇ, ਤਾਂ ਜੋ ਸੰਗਤਾਂ ਅਤੇ ਜਥੇਬੰਦੀਆਂ ਵੱਡੇ ਪੱਧਰ ‘ਤੇ ਸਮਾਗਮ ਦੀ ਤਿਆਰੀ ਕਰ ਸਕਣ।
