ਜਲੰਧਰ : ਜਲੰਧਰ ਵਿੱਚ ਫਰਵਰੀ ਮਹੀਨੇ ਵਿੱਚ ਆਯੋਜਿਤ ਮਾਂ ਬੋਲੀ ਮਾਰਚ ਦੇ ਦੌਰਾਨ ਨੌਜਵਾਨਾਂ ਦੀ ਭੀੜ ਦੇ ਸਾਹਮਣੇ ਪੰਜਾਬੀ ਗਾਇਕ ਮਨਕੀਰਤ ਔਲਖ ਨੇ ‘ਬਦਨਾਮ’ ਗਾਣਾ ਗਾਉਣ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਹਿਮ ਆਦੇਸ਼ ਜਾਰੀ ਕੀਤੇ ਹਨ । ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਇਸ ਗੀਤ ਦੇ ਅਸਲ ਬੋਲ (ਜਿਸ ਸਥਾਨਕ ਭਾਸ਼ਾ ਵਿੱਚ ਇਹ ਲਿਖੇ ਗਏ ਹਨ) ਰਿਕਾਰਡ ‘ਤੇ ਲਿਆਂਦੇ ਜਾਣ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਹ ਗੀਤ ਅਦਾਲਤ ਦੇ ਪਿਛਲੇ ਹੁਕਮਾਂ ਦੀ ਉਲੰਘਣਾ ਕਰਦਾ ਹੈ ਜਾਂ ਨਹੀਂ। ਇਸ ਤੋਂ ਪਹਿਲਾਂ, ਹਾਈ ਕੋਰਟ ਨੇ ਅਜਿਹੇ ਗੀਤਾਂ ‘ਤੇ ਰੋਕ ਲਗਾਉਣ ਲਈ ਨਿਰਦੇਸ਼ ਜਾਰੀ ਕੀਤੇ ਸਨ ਜੋ ਨੌਜਵਾਨਾਂ ਅਤੇ ਸਮਾਜ ਵਿੱਚ ਬੰਦੂਕ ਸੱਭਿਆਚਾਰ, ਸ਼ਰਾਬ ਦੇ ਸੇਵਨ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਦੇ ਹਨ। ਅਦਾਲਤ ਨੇ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਗਾਇਕਾਂ ਨੂੰ ਲਾਈਵ ਸ਼ੋਅ ਦੌਰਾਨ ਅਜਿਹੇ ਗੀਤ ਨਹੀਂ ਗਾਉਣੇ ਚਾਹੀਦੇ ਜੋ ਅਜਿਹੀਆਂ ਪ੍ਰਵਿਰਤੀਆਂ ਨੂੰ ਹੱਲਾਸ਼ੇਰੀ ਦਿੰਦੇ ਹੋਣ।
ਇਸ ਦੌਰਾਨ, ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਗਾਇਕ ਮਨਕੀਰਤ ਔਲਖ ਫਰਵਰੀ ਵਿੱਚ ਜਲੰਧਰ ਵਿਖੇ ਹੋਏ ‘ਮਾਂ ਬੋਲੀ ਮਾਰਚ’ ਦੌਰਾਨ ਨੌਜਵਾਨ ਦਰਸ਼ਕਾਂ ਸਾਹਮਣੇ ‘ਬਦਨਾਮ’ ਗੀਤ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ, ‘ਕੈਮਿਸਟਰੀ ਗੁਰੂ’ ਵਜੋਂ ਜਾਣੇ ਜਾਂਦੇ ਐਮ.ਪੀ. ਸਿੰਘ ਨੇ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਦੋਸ਼ ਲਗਾਇਆ ਕਿ ਗਾਇਕ ਨੇ ਇਹ ਗੀਤ ਗਾ ਕੇ ਅਦਾਲਤੀ ਹੁਕਮਾਂ ਦੀ ਉਲੰਘਣਾ ਕੀਤੀ ਹੈ। ਹੁਣ ਹਾਈ ਕੋਰਟ ਨੇ ਨਿਰਦੇਸ਼ ਦਿੱਤਾ ਹੈ ਕਿ ਮਾਮਲੇ ਦੇ ਤੱਥਾਂ ਨੂੰ ਸਪੱਸ਼ਟ ਕਰਨ ਲਈ ਗੀਤ ਦੇ ਅਸਲ ਬੋਲ (ਸਥਾਨਕ ਭਾਸ਼ਾ ਵਿੱਚ) ਰਿਕਾਰਡ ‘ਤੇ ਪੇਸ਼ ਕੀਤੇ ਜਾਣ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 8 ਮਾਰਚ, 2027 ਲਈ ਤੈਅ ਕੀਤੀ ਹੈ।






