ਲੁਧਿਆਣਾ: ਮਹਾਨਗਰ ਲੁਧਿਆਣਾ ਦੇ ਸ਼ੇਰਪੁਰ ਇਲਾਕੇ ਵਿੱਚ ਤੇਜ਼ ਰਫ਼ਤਾਰ 407 ਗੱਡੀ ਨੇ ਮੋਟਰਸਾਈਕਲ ਸਵਾਰ ਪਰਿਵਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਭਿਆਨਕ ਸੜਕ ਹਾਦਸੇ ਵਿੱਚ 32 ਸਾਲਾ ਜੂਹੀ ਦੇਵੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਡਰਾਈਵਰ ਗੱਡੀ ਸਮੇਤ ਫ਼ਰਾਰ ਹੋਣ ਲੱਗਾ, ਪਰ ਮ੍ਰਿਤਕਾ ਦੇ ਪੁੱਤਰ ਨੇ ਰਾਹਗੀਰਾਂ ਦੀ ਮਦਦ ਨਾਲ ਪਿੱਛਾ ਕਰਕੇ ਉਸ ਨੂੰ ਬਾਲਾਜੀ ਪੁਲ ਨੇੜਿਓਂ ਕਾਬੂ ਕਰ ਲਿਆ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮੁਲਜ਼ਮ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਮ੍ਰਿਤਕਾ ਦੇ ਪੁੱਤਰ ਅਰਜੁਨ ਨੇ ਦੱਸਿਆ ਕਿ ਉਹ ਆਪਣੇ ਛੋਟੇ ਭਰਾ ਅਤੇ ਮਾਂ ਜੂਹੀ ਦੇਵੀ ਨਾਲ ਸ਼ੇਰਪੁਰ ਸਥਿਤ ਹਸਪਤਾਲ ਤੋਂ ਦਵਾਈ ਲੈ ਕੇ ਮੋਟਰਸਾਈਕਲ ‘ਤੇ ਘਰ ਵਾਪਸ ਜਾ ਰਿਹਾ ਸੀ। ਇਸੇ ਦੌਰਾਨ ਕੋਲੋਂ ਲੰਘ ਰਹੀ ਤੇਜ਼ ਰਫ਼ਤਾਰ 407 ਗੱਡੀ ਦੇ ਡਰਾਈਵਰ ਨੇ ਅਚਾਨਕ ਕੱਟ ਮਾਰ ਦਿੱਤਾ, ਜਿਸ ਕਾਰਨ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ‘ਤੇ ਡਿੱਗ ਪਿਆ।
ਅਰਜੁਨ ਅਤੇ ਉਸ ਦਾ ਛੋਟਾ ਭਰਾ ਸੜਕ ਦੇ ਇੱਕ ਪਾਸੇ ਡਿੱਗੇ, ਜਦਕਿ ਉਨ੍ਹਾਂ ਦੀ ਮਾਂ ਜੂਹੀ ਦੇਵੀ ਵਿਚਕਾਰ ਸੜਕ ਵੱਲ ਜਾ ਡਿੱਗੀ। ਇਸ ਦੌਰਾਨ 407 ਗੱਡੀ ਦਾ ਪਿਛਲਾ ਪਹੀਆ ਉਨ੍ਹਾਂ ਦੇ ਸਿਰ ਉੱਪਰੋਂ ਲੰਘ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਅਰਜੁਨ ਮੁਤਾਬਕ, ਹਾਦਸੇ ਤੋਂ ਬਾਅਦ ਉਨ੍ਹਾਂ ਨੇ ਕਾਫ਼ੀ ਰੌਲਾ ਪਾਇਆ, ਪਰ ਡਰਾਈਵਰ ਨੇ ਗੱਡੀ ਰੋਕਣ ਦੀ ਬਜਾਏ ਰਫ਼ਤਾਰ ਹੋਰ ਵਧਾ ਦਿੱਤੀ ਅਤੇ ਬਾਲਾਜੀ ਪੁਲ ਵੱਲ ਭੱਜ ਗਿਆ। ਇਸ ਤੋਂ ਬਾਅਦ ਅਰਜੁਨ ਨੇ ਆਪਣੇ ਛੋਟੇ ਭਰਾ ਨੂੰ ਮਾਂ ਕੋਲ ਛੱਡਿਆ ਅਤੇ ਕੁਝ ਰਾਹਗੀਰਾਂ ਦੀ ਮਦਦ ਨਾਲ ਡਰਾਈਵਰ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ।
ਮ੍ਰਿਤਕਾ ਦੇ ਪੁੱਤਰ ਨੇ ਦੋਸ਼ ਲਗਾਇਆ ਕਿ ਡਰਾਈਵਰ ਸ਼ਰਾਬ ਦੇ ਨਸ਼ੇ ਵਿੱਚ ਸੀ। ਪਰਿਵਾਰ ਨੇ ਇਹ ਵੀ ਦੋਸ਼ ਲਾਇਆ ਕਿ ਜੇਕਰ ਡਰਾਈਵਰ ਹਾਦਸੇ ਤੋਂ ਬਾਅਦ ਭੱਜਣ ਦੀ ਬਜਾਏ ਜੂਹੀ ਦੇਵੀ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਤਾਂ ਸ਼ਾਇਦ ਉਨ੍ਹਾਂ ਦੀ ਜਾਨ ਬਚ ਸਕਦੀ ਸੀ। ਪਰਿਵਾਰ ਨੇ ਵਾਹਨ ਮਾਲਕਾਂ ਵੱਲੋਂ ਬਿਨਾਂ ਜਾਂਚ-ਪੜਤਾਲ ਦੇ ਡਰਾਈਵਰਾਂ ਨੂੰ ਗੱਡੀਆਂ ਦੇਣ ‘ਤੇ ਵੀ ਸਵਾਲ ਚੁੱਕੇ ਅਤੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਪੁਲਿਸ ਹਿਰਾਸਤ ਵਿੱਚ ਡਰਾਈਵਰ ਸ਼ੰਕਰ ਸਿੰਘ ਨੇ ਆਪਣੀ ਸਫ਼ਾਈ ਦਿੰਦਿਆਂ ਕਿਹਾ ਕਿ ਉਹ ਫੋਕਲ ਪੁਆਇੰਟ ਤੋਂ 14 ਫੁੱਟੀ 407 ਗੱਡੀ ਲੈ ਕੇ ਆ ਰਿਹਾ ਸੀ। ਉਸ ਦਾ ਦਾਅਵਾ ਸੀ ਕਿ ਗੱਡੀ ਦੀ ਰਫ਼ਤਾਰ ਤੇਜ਼ ਨਹੀਂ ਸੀ ਅਤੇ ਸਾਹਮਣੇ ਤੋਂ ਹੋਰ ਵਾਹਨ ਆਉਣ ਕਾਰਨ ਉਸ ਨੇ ਬਚਾਅ ਲਈ ਹਲਕਾ ਜਿਹਾ ਕੱਟ ਮਾਰਿਆ ਸੀ। ਉਸ ਮੁਤਾਬਕ ਇਸ ਦੌਰਾਨ ਮੋਟਰਸਾਈਕਲ ਦਾ ਹੈਂਡਲ ਗੱਡੀ ਵਿੱਚ ਫਸਣ ਕਾਰਨ ਹਾਦਸਾ ਵਾਪਰਿਆ।
ਹਾਲਾਂਕਿ, ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਡਰਾਈਵਰ ਦੇ ਇਸ ਦਾਅਵੇ ਨੂੰ ਨਕਾਰ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ ਮਹਿਲਾ ਦੀ ਮੌਤ ਹੋ ਗਈ ਹੈ। ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮੁਲਜ਼ਮ ਡਰਾਈਵਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
