ਹਰਿਆਣਾ: ਹਰਿਆਣਾ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਰਾਹਤ ਦਿੰਦਿਆਂ ਮਹਿੰਗਾਈ ਭੱਤੇ (DA) ਅਤੇ ਮਹਿੰਗਾਈ ਰਾਹਤ (DR) ਵਿੱਚ 3 ਫ਼ੀਸਦੀ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਵਾਧੇ ਤੋਂ ਬਾਅਦ ਮਹਿੰਗਾਈ ਭੱਤਾ 60 ਫ਼ੀਸਦੀ ਤੋਂ ਵਧ ਕੇ 63 ਫ਼ੀਸਦੀ ਹੋ ਗਿਆ ਹੈ। ਵਿੱਤ ਵਿਭਾਗ ਵੱਲੋਂ ਇਸ ਸਬੰਧੀ ਵੀਰਵਾਰ ਨੂੰ ਅਧਿਕਾਰਤ ਹੁਕਮ ਜਾਰੀ ਕੀਤੇ ਗਏ ਹਨ।
ਜਾਰੀ ਹੁਕਮਾਂ ਅਨੁਸਾਰ, 7ਵੇਂ ਤਨਖ਼ਾਹ ਅਤੇ ਪੈਨਸ਼ਨ ਕਮਿਸ਼ਨ ਦੇ ਢਾਂਚੇ ਤਹਿਤ ਤਨਖ਼ਾਹ ਜਾਂ ਪੈਨਸ਼ਨ ਲੈ ਰਹੇ ਹਰਿਆਣਾ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਇਸ ਫ਼ੈਸਲੇ ਦਾ ਲਾਭ ਮਿਲੇਗਾ। ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਦੀ ਦਰ ਮੂਲ ਤਨਖ਼ਾਹ ਅਤੇ ਪੈਨਸ਼ਨ ਦੇ 60 ਫ਼ੀਸਦੀ ਤੋਂ ਵਧਾ ਕੇ 63 ਫ਼ੀਸਦੀ ਕਰ ਦਿੱਤੀ ਗਈ ਹੈ। ਇਹ ਵਾਧਾ 1 ਜੁਲਾਈ 2026 ਤੋਂ ਲਾਗੂ ਮੰਨਿਆ ਜਾਵੇਗਾ। ਇਸ ਨਾਲ ਮੁਲਾਜ਼ਮਾਂ ਦੀ ਤਨਖ਼ਾਹ ਅਤੇ ਪੈਨਸ਼ਨਰਾਂ ਦੀ ਪੈਨਸ਼ਨ ਵਿੱਚ ਵਾਧਾ ਹੋਵੇਗਾ।
ਸਰਕਾਰੀ ਹੁਕਮਾਂ ਮੁਤਾਬਕ ਵਧਿਆ ਹੋਇਆ ਮਹਿੰਗਾਈ ਭੱਤਾ ਅਤੇ ਮਹਿੰਗਾਈ ਰਾਹਤ ਨਵੰਬਰ 2026 ਦੀ ਤਨਖ਼ਾਹ ਅਤੇ ਪੈਨਸ਼ਨ ਦੇ ਨਾਲ ਦਿੱਤਾ ਜਾਵੇਗਾ। ਇਸ ਦੀ ਅਦਾਇਗੀ ਦਸੰਬਰ 2026 ਵਿੱਚ ਹੋਵੇਗੀ।
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ 1 ਜੁਲਾਈ 2026 ਤੋਂ 31 ਅਕਤੂਬਰ 2026 ਤੱਕ ਦੇ ਵਾਧੇ ਦਾ ਬਕਾਇਆ ਜਨਵਰੀ 2027 ਵਿੱਚ ਅਦਾ ਕੀਤਾ ਜਾਵੇਗਾ। ਇਸ ਤਰ੍ਹਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਪਿਛਲੇ ਚਾਰ ਮਹੀਨਿਆਂ ਦਾ ਏਰੀਅਰ ਵੀ ਮਿਲੇਗਾ।
ਹੁਕਮਾਂ ਵਿੱਚ ਭੁਗਤਾਨ ਦੀ ਰਕਮ ਨੂੰ ਪੂਰੇ ਰੁਪਏ ਵਿੱਚ ਤੈਅ ਕਰਨ ਬਾਰੇ ਵੀ ਨਿਯਮ ਦਿੱਤਾ ਗਿਆ ਹੈ। ਜੇਕਰ ਕਿਸੇ ਰਕਮ ਵਿੱਚ 50 ਪੈਸੇ ਜਾਂ ਇਸ ਤੋਂ ਵੱਧ ਬਣਦੇ ਹਨ ਤਾਂ ਉਸ ਨੂੰ ਅਗਲੇ ਪੂਰੇ ਰੁਪਏ ਵਿੱਚ ਗਿਣਿਆ ਜਾਵੇਗਾ, ਜਦਕਿ 50 ਪੈਸੇ ਤੋਂ ਘੱਟ ਦੀ ਰਕਮ ਨੂੰ ਛੱਡ ਦਿੱਤਾ ਜਾਵੇਗਾ।






