ਮੁੰਬਈ : ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਉਨ੍ਹਾਂ ਦੀ ਮਸ਼ਹੂਰ ਫ਼ਿਲਮ ਫ੍ਰੈਂਚਾਈਜ਼ੀ ‘ਦਬੰਗ’ ਦਾ ਚੌਥਾ ਭਾਗ ਯਾਨੀ ‘ਦਬੰਗ 4’ ਬਣਨ ਜਾ ਰਿਹਾ ਹੈ। ਸਲਮਾਨ ਖ਼ਾਨ ਨੇ ਇੱਕ ਤਾਜ਼ਾ ਇੰਟਰਵਿਊ ਦੌਰਾਨ ਇਸ ਦੀ ਪੁਸ਼ਟੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਚੁਲਬੁਲ ਪਾਂਡੇ ਦਾ ਕਿਰਦਾਰ ਇੱਕ ਵਾਰ ਫਿਰ ਵੱਡੇ ਪਰਦੇ ’ਤੇ ਵਾਪਸੀ ਕਰੇਗਾ।
ਇਨ੍ਹੀਂ ਦਿਨੀਂ ਸਲਮਾਨ ਆਪਣੀ ਆਉਣ ਵਾਲੀ ਫ਼ਿਲਮ ‘ਮਾਤ੍ਰਭੂਮੀ’ ਦੇ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਇਸੇ ਦੌਰਾਨ ਉਨ੍ਹਾਂ ਨੇ ‘ਦਬੰਗ 4’ ਬਾਰੇ ਗੱਲ ਕਰਦਿਆਂ ਪ੍ਰਸ਼ੰਸਕਾਂ ਦੀ ਉਡੀਕ ਖ਼ਤਮ ਹੋਣ ਦੇ ਸੰਕੇਤ ਦਿੱਤੇ ਹਨ।
‘ਦਬੰਗ 4’ ਜ਼ਰੂਰ ਬਣੇਗੀ: ਸਲਮਾਨ
ਇੰਟਰਵਿਊ ਦੌਰਾਨ ਜਦੋਂ ਸਲਮਾਨ ਖ਼ਾਨ ਤੋਂ ਪੁੱਛਿਆ ਗਿਆ ਕਿ ਕੀ ਉਹ ‘ਦਬੰਗ’ ਦੀ ਅਗਲੀ ਫ਼ਿਲਮ ਨਾ ਬਣਾ ਕੇ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰਨਗੇ, ਤਾਂ ਉਨ੍ਹਾਂ ਨੇ ਕਿਹਾ ਕਿ ਇਹ ਫ੍ਰੈਂਚਾਈਜ਼ੀ ਜ਼ਰੂਰ ਵਾਪਸ ਆਵੇਗੀ।
ਅਦਾਕਾਰ ਨੇ ਕਿਹਾ, “ਦਬੰਗ ਤਾਂ ਪੱਕਾ ਆਵੇਗੀ ਕਿਉਂਕਿ ਦਬੰਗ ਸਾਡੇ ਹੱਥ ਵਿੱਚ ਹੈ। ਬਾਕੀ ਫ਼ਿਲਮਾਂ ਉਨ੍ਹਾਂ (ਨਿਰਮਾਤਾਵਾਂ) ਦੇ ਹੱਥ ਵਿੱਚ ਹਨ।”
ਹਾਲਾਂਕਿ, ਫ਼ਿਲਮ ਦੀ ਰਿਲੀਜ਼ ਮਿਤੀ ਜਾਂ ਸ਼ੂਟਿੰਗ ਬਾਰੇ ਅਜੇ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਹਿਲਾਂ ਸਲਮਾਨ ਦੱਸ ਚੁੱਕੇ ਹਨ ਕਿ ਉਹ ਅਤੇ ਅਰਬਾਜ਼ ਖ਼ਾਨ ਅਜਿਹੀ ਕਹਾਣੀ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਹੀ ਇਸ ਪ੍ਰੋਜੈਕਟ ਨੂੰ ਅੱਗੇ ਵਧਾਉਣਗੇ, ਜਿਸ ’ਤੇ ਦੋਵੇਂ ਸਹਿਮਤ ਹੋਣ।
‘ਬਜਰੰਗੀ ਭਾਈਜਾਨ 2’ ਬਾਰੇ ਕੀ ਬੋਲੇ ਸਲਮਾਨ?
ਇੰਟਰਵਿਊ ਵਿੱਚ ਸਲਮਾਨ ਨੇ ਆਪਣੀ 2015 ਵਿੱਚ ਰਿਲੀਜ਼ ਹੋਈ ਸੁਪਰਹਿੱਟ ਫ਼ਿਲਮ ‘ਬਜਰੰਗੀ ਭਾਈਜਾਨ’ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਮਾਤ੍ਰਭੂਮੀ’ ਦੀ ਕਹਾਣੀ ਵੀ ਸਰਹੱਦ ’ਤੇ ਵਾਪਰੀ ਇੱਕ ਘਟਨਾ ਅਤੇ ਉਸ ਦੇ ਲੋਕਾਂ ਤੇ ਉਨ੍ਹਾਂ ਦੇ ਪਰਿਵਾਰਾਂ ’ਤੇ ਪੈਣ ਵਾਲੇ ਪ੍ਰਭਾਵਾਂ ਨਾਲ ਜੁੜੀ ਹੋਈ ਹੈ।
ਜਦੋਂ ਉਨ੍ਹਾਂ ਤੋਂ ‘ਬਜਰੰਗੀ ਭਾਈਜਾਨ 2’ ਬਾਰੇ ਪੁੱਛਿਆ ਗਿਆ ਤਾਂ ਸਲਮਾਨ ਨੇ ਕਿਹਾ ਕਿ ਪਹਿਲੀ ਫ਼ਿਲਮ ਦੀ ਭਾਵਨਾਤਮਕ ਕਹਾਣੀ ਨੂੰ ਦੁਬਾਰਾ ਉਸੇ ਤਰ੍ਹਾਂ ਪੇਸ਼ ਕਰਨਾ ਆਸਾਨ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਦੂਜੇ ਭਾਗ ਦੀ ਤੁਲਨਾ ਪਹਿਲੀ ਫ਼ਿਲਮ ਨਾਲ ਹੋਵੇਗੀ ਅਤੇ ਜੇਕਰ ਦਰਸ਼ਕਾਂ ਨੂੰ ਪਹਿਲਾਂ ਵਰਗਾ ਅਨੁਭਵ ਨਾ ਮਿਲਿਆ ਤਾਂ ਨਿਰਾਸ਼ਾ ਹੋ ਸਕਦੀ ਹੈ। ਇਸ ਲਈ ਉਹ ਇਸ ਫ਼ਿਲਮ ਦਾ ਅਗਲਾ ਭਾਗ ਬਣਾਉਣ ਦੇ ਹੱਕ ਵਿੱਚ ਨਹੀਂ ਹਨ।
2010 ਵਿੱਚ ਸ਼ੁਰੂ ਹੋਈ ਸੀ ‘ਦਬੰਗ’ ਫ੍ਰੈਂਚਾਈਜ਼ੀ
ਸਲਮਾਨ ਖ਼ਾਨ ਦੀ ਫ਼ਿਲਮ ‘ਦਬੰਗ’ ਸਾਲ 2010 ਵਿੱਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਰਾਹੀਂ ਦਰਸ਼ਕਾਂ ਨੂੰ ਪੁਲਿਸ ਅਧਿਕਾਰੀ ਚੁਲਬੁਲ ਪਾਂਡੇ ਦਾ ਮਸ਼ਹੂਰ ਕਿਰਦਾਰ ਦੇਖਣ ਨੂੰ ਮਿਲਿਆ ਸੀ। ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਇਸ ਦੇ ਦੋ ਹੋਰ ਭਾਗ ‘ਦਬੰਗ 2’ ਅਤੇ ‘ਦਬੰਗ 3’ ਵੀ ਰਿਲੀਜ਼ ਹੋਏ। ਹੁਣ ਚੌਥੇ ਭਾਗ ਦੀ ਪੁਸ਼ਟੀ ਤੋਂ ਬਾਅਦ ਪ੍ਰਸ਼ੰਸਕਾਂ ਵਿੱਚ ਇਸ ਨੂੰ ਲੈ ਕੇ ਉਤਸ਼ਾਹ ਵਧ ਗਿਆ ਹੈ।
4 ਦਸੰਬਰ ਨੂੰ ਰਿਲੀਜ਼ ਹੋਵੇਗੀ ‘ਮਾਤ੍ਰਭੂਮੀ’
ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਮਾਤ੍ਰਭੂਮੀ: ਮੇ ਵਾਰ ਰੈਸਟ ਇਨ ਪੀਸ’ 4 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣੀ ਹੈ। ਇਸ ਫ਼ਿਲਮ ਵਿੱਚ ਉਨ੍ਹਾਂ ਦੇ ਨਾਲ ਚਿਤਰਾਂਗਦਾ ਸਿੰਘ ਵੀ ਨਜ਼ਰ ਆਵੇਗੀ। ਬਾਕਸ ਆਫਿਸ ’ਤੇ ਇਸ ਦੀ ਟੱਕਰ ਸ਼ਰਧਾ ਕਪੂਰ ਦੀ ਫ਼ਿਲਮ ‘ਈਠਾ’ ਨਾਲ ਹੋਣ ਦੀ ਉਮੀਦ ਹੈ।
