ਜਾਰਜੀਆ: ਇੱਕ ਨਵੀਨਤਾਕਾਰੀ ਕਦਮ ਵਿੱਚ, ਵਿਸ਼ਵ ਸ਼ਤਰੰਜ ਫੈਡਰੇਸ਼ਨ ਨੇ 22 ਜੂਨ ਤੋਂ 3 ਜੁਲਾਈ, 2024 ਤੱਕ ਜਾਰਜੀਆ ਵਿੱਚ ਯੁਵਾ ਸ਼ਤਰੰਜ ਖਿਡਾਰੀਆਂ ਲਈ ਪਹਿਲਾ ਫਿਡੇ ਵਿਸ਼ਵ ਕੱਪ (FIDE World Cup) ਕਰਵਾਉਣ ਦਾ ਫ਼ੈਸਲਾ ਕੀਤਾ ਹੈ।
ਇਸ ਸਬੰਧ ਵਿੱਚ ਇੱਕ ਬਿਆਨ ਜਾਰੀ ਕਰਦੇ ਹੋਏ, ਸ਼ਤਰੰਜ ਦੀ ਵਿਸ਼ਵ ਸੰਸਥਾ, FIDE ਨੇ ਕਿਹਾ ਕਿ “ਇਸ ਨਵੇਂ ਈਵੈਂਟ ਦਾ ਉਦੇਸ਼ ਇੱਕ ਸੰਸ਼ੋਧਿਤ ਪ੍ਰਣਾਲੀ ਨਾਲ ਯੁਵਾ ਸ਼ਤਰੰਜ ਦੇ ਲੈਂਡਸਕੇਪ ਨੂੰ ਮੁੜ ਪਰਿਭਾਸ਼ਿਤ ਕਰਨਾ ਅਤੇ ਯੁਵਾ ਸ਼ਤਰੰਜ ਖਿਡਾਰੀਆਂ ਨੂੰ ਵਧੇਰੇ ਮੌਕੇ ਪ੍ਰਦਾਨ ਕਰਨਾ ਹੈ”। ਇਹ ਟੂਰਨਾਮੈਂਟ ਤਿੰਨ ਉਮਰ ਵਰਗਾਂ, ਅੰਡਰ 8, ਅੰਡਰ 10 ਅਤੇ ਅੰਡਰ 12 ਵਿੱਚ ਕਰਵਾਇਆ ਜਾਵੇਗਾ, ਜਿਸ ਵਿੱਚ ਲੜਕੇ ਅਤੇ ਲੜਕੀਆਂ ਦੇ ਵਰਗ ਵਿੱਚ 48-48 ਖਿਡਾਰੀ ਭਾਗ ਲੈਣਗੇ। ਇਹ ਮੁਕਾਬਲਾ ਦੋ ਪੜਾਵਾਂ ਵਿੱਚ ਖੇਡਿਆ ਜਾਵੇਗਾ, ਜਿਸ ਦੀ ਸ਼ੁਰੂਆਤ ਸੱਤ ਦੌਰ ਦੀ ਸਵਿਸ ਪ੍ਰਣਾਲੀ ਨਾਲ ਹੋਵੇਗੀ ਅਤੇ ਮੁੱਖ ਵਿਸ਼ਵ ਕੱਪ ਦੀ ਤਰਜ਼ ‘ਤੇ ਨਾਕ-ਆਊਟ ਮੈਚ ਹੋਣਗੇ।
FIDE ਨੇ ਸਾਰੇ ਦੇਸ਼ਾਂ ਨੂੰ 1 ਫਰਵਰੀ 2024 ਤੱਕ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰਨ ਲਈ ਕਿਹਾ ਹੈ। ਇਹ ਖਬਰ ਭਾਰਤ ਲਈ ਬਹੁਤ ਚੰਗੀ ਹੈ ਕਿਉਂਕਿ ਦੁਨੀਆ ਭਰ ਵਿੱਚ ਭਾਰਤ ਦੇ ਯੁਵਾ ਖਿਡਾਰੀਆਂ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਹੈ।
