ਨਵੀਂ ਦਿੱਲੀ : ਬੀਤੀ ਸ਼ਾਮ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ, ਉਸ ਤੋਂ ਕੁਝ ਘੰਟਿਆਂ ਬਾਅਦ ਹੀ ਇਕ ਹੋਰ ਵੱਡੇ ਅਸਤੀਫ਼ੇ ਦੀ ਖ਼ਬਰ ਸਾਹਮਣੇ ਆਈ। ਜਿਸ ਵਿੱਚ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐਮ.ਐਫ਼.) ਦੀ ਪਹਿਲੀ ਡਿਪਟੀ ਮੈਨੇਜਿੰਗ ਡਾਇਰੈਕਟਰ ਅਤੇ ਸਾਬਕਾ ਮੁੱਖ ਅਰਥਸ਼ਾਸਤਰੀ ਗੀਤਾ ਗੋਪੀਨਾਥ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਹਾਰਵਰਡ ਯੂਨੀਵਰਸਿਟੀ ਵਾਪਸ ਜਾ ਕੇ ਪੜ੍ਹਾਈ ਅਤੇ ਖੋਜ ਕਰਨਾ ਚਾਹੁੰਦੇ ਹਨ।
ਆਈ.ਐਮ.ਐਫ਼. ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਲਦ ਹੀ ਗੀਤਾ ਦੇ ਉੱਤਰਾਧਿਕਾਰੀ ਦਾ ਐਲਾਨ ਕੀਤਾ ਜਾਵੇਗਾ। ਗੀਤਾ ਗੋਪੀਨਾਥ ਦਾ ਜਨਮ ਭਾਰਤ ਦੇ ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਹੋਇਆ ਸੀ, ਪਰ ਉਹ ਕਰਨਾਟਕ ਦੇ ਮੈਸੂਰ ਵਿੱਚ ਵੱਡੇ ਹੋਏ। ਉਨ੍ਹਾਂ ਦੇ ਪਿਤਾ ਕੇਰਲ ਦੇ ਕੰਨੂਰ ਜ਼ਿਲ੍ਹੇ ਵਿੱਚ ਇਕ ਕਿਸਾਨ ਅਤੇ ਵਪਾਰੀ ਸਨ, ਜਦੋਂ ਕਿ ਉਨ੍ਹਾਂ ਦੀ ਮਾਂ ਇਕ ਥੀਏਟਰ ਚਲਾਉਂਦੇ ਸਨ। ਗੀਤਾ ਨੇ ਦਿੱਲੀ ਸਕੂਲ ਆਫ਼ ਇਕਨਾਮਿਕਸ ਵਿੱਚ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਪ੍ਰਿੰਸਟਨ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਵਿੱਚ ਡਾਕਟਰੇਟ ਕੀਤੀ।
ਕੋਵਿਡ-19 ਵਿੱਚ ਨਿਭਾਈ ਮਹੱਤਵਪੂਰਨ ਭੂਮਿਕਾ
ਕੋਰੋਨਾ ਮਹਾਂਮਾਰੀ ਦੌਰਾਨ, ਗੀਤਾ ਨੇ ਵਿਸ਼ਵ ਅਰਥਵਿਵਸਥਾ ਨੂੰ ਮੰਦੀ ਤੋਂ ਬਚਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਨੇ ਆਈ.ਐਮ.ਐਫ. ,ਡਬਲਯੂ.ਐਚ.ਓ.,ਵਿਸ਼ਵ ਬੈਂਕ ਅਤੇ ਡਬਲਯੂ.ਟੀ.ਓ. ਦੇ ਸਹਿਯੋਗ ਨਾਲ ਟੀਕੇ ਦੇ ਉਤਪਾਦਨ ਅਤੇ ਵੰਡ ਵਿੱਚ ਸਹਿਯੋਗ ਵਧਾਉਣ ਲਈ ਇਕ ਬਹੁਪੱਖੀ ਟਾਸਕ ਫੋਰਸ ਤਿਆਰ ਕੀਤੀ।
ਅੰਤਰਰਾਸ਼ਟਰੀ ਮਾਨਤਾ ਅਤੇ ਪ੍ਰਾਪਤੀਆਂ
ਗੀਤਾ ਆਈ.ਐਮ.ਐਫ. ਦੀ ਪਹਿਲੀ ਮਹਿਲਾ ਮੁੱਖ ਅਰਥਸ਼ਾਸਤਰੀ ਅਤੇ ਡਿਪਟੀ ਮੈਨੇਜਿੰਗ ਡਾਇਰੈਕਟਰ ਸਨ। ਉਹ ਹਾਰਵਰਡ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਕਈ ਮਹੱਤਵਪੂਰਨ ਆਰਥਿਕ ਰਿਪੋਰਟਾਂ ਜਾਰੀ ਕੀਤੀਆਂ ਹਨ ਅਤੇ ਭਾਰਤ ਦੇ ਕੇਰਲਾ ਰਾਜ ਦੀ ਆਰਥਿਕ ਸਲਾਹਕਾਰ ਵੀ ਰਹੇ ਹਨ।
ਗੀਤਾ ਦਾ ਪਰਿਵਾਰ ਅਤੇ ਨਿੱਜੀ ਜੀਵਨ
ਗੀਤਾ ਦਾ ਵਿਆਹ ਇਕਬਾਲ ਸਿੰਘ ਧਾਲੀਵਾਲ ਨਾਲ ਹੋਇਆ ਹੈ ਜੋ ਐਮ.ਆਈ.ਟੀ. ਵਿੱਚ ਕੰਮ ਕਰਦੇ ਹਨ। ਉਨ੍ਹਾਂ ਦਾ ਇਕ ਪੁੱਤਰ ਵੀ ਹੈ।
ਬੀ.ਏ (ਆਨਰਜ਼) ਅਰਥ ਸ਼ਾਸਤਰ – ਲੇਡੀ ਸ਼੍ਰੀ ਰਾਮ ਕਾਲਜ, ਦਿੱਲੀ ਯੂਨੀਵਰਸਿਟੀ
ਮਾਸਟਰਜ਼ – ਦਿੱਲੀ ਸਕੂਲ ਆਫ਼ ਇਕਨਾਮਿਕਸ
ਦੂਜਾ ਮਾਸਟਰਜ਼ – ਵਾਸ਼ਿੰਗਟਨ ਯੂਨੀਵਰਸਿਟੀ
ਡਾਕਟਰੇਟ – ਪ੍ਰਿੰਸਟਨ ਯੂਨੀਵਰਸਿਟੀ
