ਕਾਠਮੰਡੂ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ( Foreign Minister S. Jaishankar) ਸੱਤਵੀਂ ਨੇਪਾਲ-ਭਾਰਤ ਸੰਯੁਕਤ ਕਮਿਸ਼ਨ (seventh Nepal-India Joint Commission meeting) ਦੀ ਬੈਠਕ ਦੀ ਸਹਿ-ਪ੍ਰਧਾਨਗੀ ਕਰਨ ਲਈ ਦੋ ਦਿਨਾਂ ਦੌਰੇ ‘ਤੇ ਅੱਜ ਇੱਥੇ ਪਹੁੰਚੇ। ਆਪਣੇ ਨੇਪਾਲੀ ਹਮਰੁਤਬਾ ਨਾਲ ਅੱਜ ਅਤੇ ਭਲਕੇ ਇਸ ਮੁਲਾਕਾਤ ਦੌਰਾਨ ਦੋਵੇਂ ਨੇਤਾ ਦੁਵੱਲੇ ਸਬੰਧਾਂ ਦੀ ਸਮੁੱਚੀ ਸਥਿਤੀ ਦੀ ਸਮੀਖਿਆ ਕਰਨਗੇ। ਸਾਲ 2024 ਵਿੱਚ ਜੈਸ਼ੰਕਰ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੈ। ਜੈਸ਼ੰਕਰ, ਉਨ੍ਹਾਂ ਦੇ ਨੇਪਾਲੀ ਹਮਰੁਤਬਾ ਐਨ. ਪੀ. ਸਾਊਦ ਨਾਲ ਭਾਰਤ-ਨੇਪਾਲ ਸੰਯੁਕਤ ਕਮਿਸ਼ਨ ਦੀ ਮੀਟਿੰਗ ਦੀ ਸਹਿ-ਪ੍ਰਧਾਨਗੀ ਕਰਨਗੇ।
ਭਾਰਤ-ਨੇਪਾਲ ਸੰਯੁਕਤ ਕਮਿਸ਼ਨ ਦੀ ਸਥਾਪਨਾ 1987 ਵਿੱਚ ਕੀਤੀ ਗਈ ਸੀ ਅਤੇ ਇਹ ਦੋ-ਪੱਖੀ ਸਾਂਝੇਦਾਰੀ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨ ਲਈ ਦੋਵਾਂ ਧਿਰਾਂ ਨੂੰ ਇੱਕ ਮੰਚ ਪ੍ਰਦਾਨ ਕਰਦਾ ਹੈ। ਵਿਦੇਸ਼ ਮੰਤਰੀ ਨੇ ਨਵੀਂ ਦਿੱਲੀ ‘ਚ ਕਿਹਾ,ਨੇਪਾਲ ਭਾਰਤ ਦਾ ‘ਨੇਬਰਹੁੱਡ ਫਸਟ’ ਨੀਤੀ ਤਹਿਤ ਉਸਦਾ ਭਾਈਵਾਲ ਹੈ। ਇਹ ਦੌਰਾ ਦੋ ਨਜ਼ਦੀਕੀ ਅਤੇ ਦੋਸਤਾਨਾ ਗੁਆਂਢੀਆਂ ਦਰਮਿਆਨ ਉੱਚ ਪੱਧਰੀ ਆਦਾਨ-ਪ੍ਰਦਾਨ ਦੀ ਪਰੰਪਰਾ ਨੂੰ ਧਿਆਨ ਵਿੱਚ ਰੱਖਦੇ ਹੋਏ ਹੈ। ਨੇਪਾਲ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅੰਮ੍ਰਿਤ ਬਹਾਦੁਰ ਰਾਏ ਮੁਤਾਬਕ, ‘ਸੰਯੁਕਤ ਕਮਿਸ਼ਨ ਦੀ ਬੈਠਕ ਦੌਰਾਨ ਨੇਪਾਲ-ਭਾਰਤ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ ਜਾਵੇਗੀ।’ ਰਾਏ ਨੇ ਦੌਰੇ ਤੋਂ ਪਹਿਲਾਂ ‘ਪੀਟੀਆਈ-ਭਾਸ਼ਾ’ ਨੂੰ ਦੱਸਿਆ, ‘ਇਹ ਦੁਵੱਲੀ ਮੀਟਿੰਗ ਮੁੱਖ ਤੌਰ ‘ਤੇ ਆਉਣ ਵਾਲੇ ਦਿਨਾਂ ਵਿੱਚ ਨੇਪਾਲ-ਭਾਰਤ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਦੋਵਾਂ ਦੇਸ਼ਾਂ ਵਿਚਾਲੇ ਵਧਦੀ ਸਾਂਝੇਦਾਰੀ ਰਾਹੀਂ ਦੋਵਾਂ ਦੇਸ਼ਾਂ ਲਈ ਵੱਧ ਤੋਂ ਵੱਧ ਲਾਭ ਹਾਸਲ ਕਰਨ ‘ਤੇ ਕੇਂਦਰਿਤ ਹੋਵੇਗੀ।’










