HomeNationalFDA ਨੇ ਮਿਲਾਵਟ ਤੇ ਗਲਤ ਬ੍ਰਾਂਡਿੰਗ ਦੇ ਸ਼ੱਕ ‘ਚ 20 ਲੱਖ ਰੁਪਏ...

FDA ਨੇ ਮਿਲਾਵਟ ਤੇ ਗਲਤ ਬ੍ਰਾਂਡਿੰਗ ਦੇ ਸ਼ੱਕ ‘ਚ 20 ਲੱਖ ਰੁਪਏ ਦਾ ਘਿਓ ਕੀਤਾ ਜ਼ਬਤ

ਮਹਾਰਾਸ਼ਟਰ : ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਵੱਡੀ ਕਾਰਵਾਈ ਕਰਦਿਆਂ ਸੂਬੇ ਭਰ ਦੇ 114 ਅਦਾਰਿਆਂ ਤੋਂ ਲਗਭਗ 3.53 ਲੱਖ ਕਿਲੋਗ੍ਰਾਮ ਖਾਣ-ਪੀਣ ਦੀਆਂ ਵਸਤਾਂ ਜ਼ਬਤ ਕੀਤੀਆਂ ਹਨ, ਜਿਨ੍ਹਾਂ ਦੀ ਕੀਮਤ 9.01 ਕਰੋੜ ਰੁਪਏ ਹੈ। ਇਹ ਕਾਰਵਾਈ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਿਭਾਗ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕੀਤੀ ਗਈ ਹੈ।

ਪਤੰਜਲੀ ਦਾ 2,279.7 ਲੀਟਰ ਗਾਂ ਦਾ ਘਿਓ ਵੀ ਜ਼ਬਤ

ਰਿਪੋਰਟ ਅਨੁਸਾਰ, ਵਿਭਾਗ ਨੇ ਪਤੰਜਲੀ ਦਾ 2,279.7 ਲੀਟਰ ਗਾਂ ਦਾ ਘਿਓ ਵੀ ਜ਼ਬਤ ਕੀਤਾ ਹੈ, ਜਿਸ ਦੀ ਕੀਮਤ 20.20 ਲੱਖ ਰੁਪਏ ਹੈ। ਮਿਲਾਵਟ ਅਤੇ ਗਲਤ ਬ੍ਰਾਂਡਿੰਗ ਦੇ ਸ਼ੱਕ ਤਹਿਤ ਛਤਰਪਤੀ ਸੰਭਾਜੀਨਗਰ ਦੇ ਸੁੰਦਰਵਾੜੀ ਸਥਿਤ ਇੱਕ ਡਿਸਟ੍ਰੀਬਿਊਟਰ ਕੋਲੋਂ ਇਹ ਘਿਓ ਜ਼ਬਤ ਕੀਤਾ ਗਿਆ। ਵਿਭਾਗ ਵੱਲੋਂ ਇਹ ਮੁਹਿੰਮ ਮਹਾਰਾਸ਼ਟਰ ਦੇ ਸਾਰੇ ਸੱਤ ਡਿਵੀਜ਼ਨਾਂ ਵਿੱਚ ਚਲਾਈ ਗਈ।

ਜ਼ਬਤ ਕੀਤੀਆਂ ਗਈਆਂ ਵਸਤਾਂ ਵਿੱਚ ਮਸਾਲੇ, ਖਾਣ ਵਾਲੇ ਤੇਲ, ਦਾਲਾਂ, ਚੌਲ, ਗੁੜ, ਕਣਕ ਦਾ ਆਟਾ ਅਤੇ ਬੇਸਨ, ਦੁੱਧ ਤੋਂ ਬਣੇ ਉਤਪਾਦ, ਨਮਕੀਨ, ਮਠਿਆਈਆਂ, ਸੁੱਕੇ ਮੇਵੇ (ਡਰਾਈ ਫਰੂਟਸ), ਬੇਕਰੀ ਉਤਪਾਦ ਅਤੇ ਨੂਡਲਜ਼ ਸ਼ਾਮਲ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਸਭ ਤੋਂ ਵੱਡੀ ਜ਼ਬਤੀ ਭਿਵੰਡੀ ਸਥਿਤ ‘ਵੈਨਿਊ ਸੁਪਰਮਾਰਟਸ ਲਿਮਟਿਡ’ ਤੋਂ ਕੀਤੀ ਗਈ, ਜਿੱਥੋਂ ਅਧਿਕਾਰੀਆਂ ਨੇ ਵੱਖ-ਵੱਖ ਬ੍ਰਾਂਡਾਂ ਦੇ 1,44,218 ਕਿਲੋਗ੍ਰਾਮ ਖਾਣ ਵਾਲੇ ਤੇਲ ਜ਼ਬਤ ਕੀਤੇ।

ਕੋਂਕਣ ਵਿੱਚ ਸਭ ਤੋਂ ਵੱਧ ਕੀਮਤ ਦਾ ਸਾਮਾਨ ਜ਼ਬਤ

ਖਾਸ ਗੱਲ ਇਹ ਹੈ ਕਿ ਕੋਂਕਣ ਖੇਤਰ ਵਿੱਚ ਸਭ ਤੋਂ ਵੱਧ ਕੀਮਤ ਦਾ ਸਾਮਾਨ ਜ਼ਬਤ ਕੀਤਾ ਗਿਆ। ਇੱਥੇ 22 ਅਦਾਰਿਆਂ ਤੋਂ ਲਗਭਗ 1.67 ਲੱਖ ਕਿਲੋਗ੍ਰਾਮ ਖਾਣ-ਪੀਣ ਦੀਆਂ ਵਸਤਾਂ ਜ਼ਬਤ ਕੀਤੀਆਂ ਗਈਆਂ, ਜਿਨ੍ਹਾਂ ਦੀ ਕੀਮਤ 5.27 ਕਰੋੜ ਰੁਪਏ ਹੈ।

ਇਸੇ ਤਰ੍ਹਾਂ ਪੁਣੇ ਵਿੱਚ 29 ਅਦਾਰਿਆਂ ਤੋਂ ਲਗਭਗ 66,709 ਕਿਲੋਗ੍ਰਾਮ ਖਾਣ-ਪੀਣ ਦੀਆਂ ਵਸਤਾਂ ਜ਼ਬਤ ਕੀਤੀਆਂ ਗਈਆਂ, ਜਿਨ੍ਹਾਂ ਦੀ ਕੀਮਤ 1.47 ਕਰੋੜ ਰੁਪਏ ਹੈ। ਛਤਰਪਤੀ ਸੰਭਾਜੀਨਗਰ ਵਿੱਚ 22 ਅਦਾਰਿਆਂ ਤੋਂ 33,679 ਕਿਲੋਗ੍ਰਾਮ ਖਾਣ-ਪੀਣ ਦੀਆਂ ਵਸਤਾਂ ਜ਼ਬਤ ਕੀਤੀਆਂ ਗਈਆਂ, ਜਿਨ੍ਹਾਂ ਦੀ ਕੀਮਤ 89.41 ਲੱਖ ਰੁਪਏ ਹੈ।

ਰਿਪੋਰਟ ਅਨੁਸਾਰ, ਨਾਗਪੁਰ ਵਿੱਚ ਵੀ 20 ਅਦਾਰਿਆਂ ਤੋਂ 37,414 ਕਿਲੋਗ੍ਰਾਮ ਸਾਮਾਨ ਜ਼ਬਤ ਕੀਤਾ ਗਿਆ, ਜਿਸ ਦੀ ਕੀਮਤ 53.57 ਲੱਖ ਰੁਪਏ ਹੈ।

ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਵੀ ਕੀਤੇ ਗਏ ਨਿਰੀਖਣ

ਨਾਸਿਕ, ਛਤਰਪਤੀ ਸੰਭਾਜੀਨਗਰ ਅਤੇ ਨਾਗਪੁਰ ਵਿੱਚ 34 ਹੋਟਲਾਂ, ਰੈਸਟੋਰੈਂਟਾਂ ਅਤੇ ਢਾਬਿਆਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਸਾਫ਼-ਸਫ਼ਾਈ ਅਤੇ ਖੁਰਾਕ ਸੁਰੱਖਿਆ ਨਾਲ ਜੁੜੀਆਂ ਕਮੀਆਂ ਨੂੰ ਲੈ ਕੇ ਕੁੱਲ 29 ਸੁਧਾਰ ਨੋਟਿਸ ਜਾਰੀ ਕੀਤੇ ਗਏ।

19 ਰਜਿਸਟ੍ਰੇਸ਼ਨ ਲਾਇਸੈਂਸ ਕੀਤੇ ਮੁਅੱਤਲ

ਵਿਭਾਗ ਨੇ 19 ਅਦਾਰਿਆਂ ਦੇ ਵੱਖ-ਵੱਖ ਰਜਿਸਟ੍ਰੇਸ਼ਨ ਲਾਇਸੈਂਸ ਮੁਅੱਤਲ ਕਰ ਦਿੱਤੇ ਹਨ ਜਾਂ ਉਨ੍ਹਾਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਵਿੱਚ ਅਮਰਾਵਤੀ, ਗ੍ਰੇਟਰ ਮੁੰਬਈ ਅਤੇ ਛਤਰਪਤੀ ਸੰਭਾਜੀਨਗਰ ਵਿੱਚ ਨਮਕੀਨ ਬਣਾਉਣ ਵਾਲੀਆਂ ਇਕਾਈਆਂ, ਮਠਿਆਈਆਂ ਦੀਆਂ ਦੁਕਾਨਾਂ ਅਤੇ ਮਸਾਲੇ ਬਣਾਉਣ ਵਾਲੀਆਂ ਇਕਾਈਆਂ ਸ਼ਾਮਲ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments