ਖਡੂਰ ਸਾਹਿਬ: ਖਡੂਰ ਸਾਹਿਬ ਹਲਕੇ ਵਿੱਚ ਕਣਕ ਦੀ ਖਰੀਦ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਇਸੀ ਰੋਸ ਦੇ ਚਲਦਿਆਂ ਹਲਕੇ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਮੰਡੀ ਦੌਰੇ ਦੌਰਾਨ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮੰਡੀ ਪਹੁੰਚਦੇ ਹੀ ਕਿਸਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਮੰਡੀਆਂ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਤਿੱਖੇ ਸਵਾਲ ਕੀਤੇ।
ਵਿਧਾਇਕ ਮੰਡੀਆਂ ਵਿੱਚ ਕਣਕ ਦੀ ਖਰੀਦ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਸਨ, ਪਰ ਕਿਸਾਨਾਂ ਦੇ ਸਵਾਲਾਂ ਦਾ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕਣ ਕਾਰਨ ਉਹ ਬਿਨਾਂ ਕੁਝ ਬੋਲੇ ਹੀ ਵਾਪਸ ਪਰਤ ਗਏ। ਇਸ ਘਟਨਾ ਨੇ ਸਿਰਫ ਖਡੂਰ ਸਾਹਿਬ ਹੀ ਨਹੀਂ, ਸਗੋਂ ਸਾਰੇ ਪੰਜਾਬ ਵਿੱਚ ਕਿਸਾਨਾਂ ਦੇ ਵਧ ਰਹੇ ਰੋਹ ਨੂੰ ਉਜਾਗਰ ਕਰ ਦਿੱਤਾ ਹੈ।
ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਦਿਆਲ ਸਿੰਘ ਮਿਆਵਿੰਡ ਨੇ ਦੋਸ਼ ਲਾਇਆ ਕਿ ਹਲਕੇ ਦੀਆਂ ਮੰਡੀਆਂ ਵਿੱਚ ਅਜੇ ਤੱਕ ਕਣਕ ਦੀ ਖਰੀਦ ਸ਼ੁਰੂ ਨਹੀਂ ਹੋਈ ਅਤੇ ਆੜ੍ਹਤੀਆਂ ਨੂੰ ਬਾਰਦਾਨਾ ਵੀ ਮੁਹੱਈਆ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੰਡੀਆਂ ਵਿੱਚ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਸਾਨਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸਰਕਾਰੀ ਨੁਮਾਇੰਦੇ ਸਿਰਫ ਮੰਡੀਆਂ ਵਿੱਚ ਫੋਟੋਆਂ ਖਿਚਵਾਉਣ ਆਉਂਦੇ ਹਨ, ਜਦਕਿ ਅਸਲ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਜਾਂਦਾ। ਇਸ ਮੌਕੇ ਹੋਰ ਕਿਸਾਨ ਆਗੂਆਂ ਨੇ ਵੀ ਤੁਰੰਤ ਖਰੀਦ ਸ਼ੁਰੂ ਕਰਨ ਅਤੇ ਪ੍ਰਬੰਧ ਸੁਧਾਰਨ ਦੀ ਮੰਗ ਕੀਤੀ।
ਗੌਰਤਲਬ ਹੈ ਕਿ ਪੰਜਾਬ ਸਰਕਾਰ ਨੇ 1 ਅਪ੍ਰੈਲ ਤੋਂ ਕਣਕ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ, ਪਰ ਖਡੂਰ ਸਾਹਿਬ ਹਲਕੇ ਦੀਆਂ ਕਰੀਬ 50 ਪਿੰਡਾਂ ਨਾਲ ਜੁੜੀਆਂ ਮੰਡੀਆਂ ਵਿੱਚ ਅਜੇ ਤੱਕ ਇੱਕ ਵੀ ਬੋਰੀ ਨਹੀਂ ਖਰੀਦੀ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਖਡੂਰ ਸਾਹਿਬ, ਫਤਿਆਬਾਦ ਅਤੇ ਗੋਇੰਦਵਾਲ ਸਾਹਿਬ ਮੰਡੀਆਂ ਵਿੱਚ ਬਾਰਦਾਨਾ ਤੱਕ ਉਪਲਬਧ ਨਹੀਂ ਹੈ ਅਤੇ 15 ਦਿਨ ਬੀਤ ਜਾਣ ਦੇ ਬਾਵਜੂਦ ਕੋਈ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ।
ਇਸ ਕਾਰਨ ਕਿਸਾਨ ਮਜਬੂਰੀ ਵਿੱਚ ਆਪਣੀ ਫ਼ਸਲ ਘੱਟ ਰੇਟ ‘ਤੇ ਵੇਚਣ ਲਈ ਮਜਬੂਰ ਹੋ ਰਹੇ ਹਨ। ਦੂਜੇ ਪਾਸੇ ਐੱਸਡੀਐੱਮ ਵੱਲੋਂ ਜਲਦੀ ਖਰੀਦ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ, ਪਰ ਕਿਸਾਨ ਇਸ ਨਾਲ ਸੰਤੁਸ਼ਟ ਨਹੀਂ ਹਨ ਅਤੇ ਤੁਰੰਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ 17 ਅਪ੍ਰੈਲ ਨੂੰ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ। ਇਸ ਸਥਿਤੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਣਕ ਖਰੀਦ ਵਿੱਚ ਦੇਰੀ ਇੱਕ ਗੰਭੀਰ ਮੁੱਦਾ ਬਣ ਚੁੱਕੀ ਹੈ ਅਤੇ ਇਸ ਦਾ ਤੁਰੰਤ ਹੱਲ ਲਾਜ਼ਮੀ ਹੈ।









