ਜੈਪੁਰ: ਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ ਕਿਹਾ ਕਿ ਪ੍ਰਵਾਸੀ ਰਾਜਸਥਾਨੀ ਦਿਵਸ ਦੁਨੀਆ ਭਰ ਵਿੱਚ ਰਹਿ ਰਹੇ ਰਾਜਸਥਾਨੀਆਂ ਨੂੰ ਆਪਣੀ ਜਨਮਭੂਮੀ ਨਾਲ ਜੋੜਨ ਅਤੇ ਸੂਬੇ ਦੀ ਵਿਕਾਸ ਯਾਤਰਾ ਵਿੱਚ ਉਨ੍ਹਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਦਾ ਇੱਕ ਮਹੱਤਵਪੂਰਨ ਮੌਕਾ ਹੈ। 10 ਦਸੰਬਰ ਨੂੰ ਹੋਣ ਵਾਲੇ ਇਸ ਪ੍ਰੋਗਰਾਮ ਰਾਹੀਂ ਪ੍ਰਵਾਸੀ ਰਾਜਸਥਾਨੀਆਂ ਨੂੰ ਸੂਬੇ ਦੀ ਅਮੀਰ ਵਿਰਾਸਤ ਅਤੇ ਭਵਿੱਖ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲੇਗਾ।
ਮੁੱਖ ਮੰਤਰੀ ਬੀਤੇ ਦਿਨ ਮੁੱਖ ਮੰਤਰੀ ਦਫ਼ਤਰ ਵਿਖੇ ਪ੍ਰਵਾਸੀ ਰਾਜਸਥਾਨੀ ਦਿਵਸ (10 ਦਸੰਬਰ) ਦੀਆਂ ਤਿਆਰੀਆਂ ਦੀ ਸਮੀਖਿਆ ਲਈ ਹੋਈ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਪ੍ਰੋਗਰਾਮ ਦੀ ਸਫਲਤਾ ਲਈ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦੌਰਾਨ ਸ਼ਾਨਦਾਰ ਪ੍ਰਾਪਤੀਆਂ ਅਤੇ ਅਸਾਧਾਰਨ ਯੋਗਦਾਨ ਪਾਉਣ ਵਾਲੇ ਪ੍ਰਵਾਸੀ ਰਾਜਸਥਾਨੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਪ੍ਰੋਗਰਾਮ ਤਹਿਤ ਹੋਣ ਵਾਲੇ ਵੱਖ-ਵੱਖ ਖੇਤਰਾਂ ਦੇ ਸੈਸ਼ਨਾਂ ਦੇ ਵਿਿਸ਼ਆਂ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਨ੍ਹਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਆਯੋਜਨ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਪਾਣੀ, ਬਿਜਲੀ, ਸੈਰ-ਸਪਾਟਾ, ਉਦਯੋਗ, ਕੌਮੀ ਰਾਜਮਾਰਗਾਂ, ਹਵਾਈ ਸੇਵਾਵਾਂ, ਰੇਲਵੇ, ਜਲ ਸੰਭਾਲ ਅਤੇ ਹੋਰ ਖੇਤਰਾਂ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦੇ ਨਾਲ-ਨਾਲ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਵੀ ਪ੍ਰਵਾਸੀ ਰਾਜਸਥਾਨੀ ਦਿਵਸ ਮੌਕੇ ਦਿਲਚਸਪ ਅਤੇ ਆਕਰਸ਼ਕ ਢੰਗ ਨਾਲ ਪੇਸ਼ ਕੀਤਾ ਜਾਵੇ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸੂਬੇ ਵਿੱਚ ਸਮਾਜਿਕ ਪਹਿਲਕਦਮੀਆਂ ਲਈ ਪ੍ਰਵਾਸੀ ਰਾਜਸਥਾਨੀਆਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਨੂੰ ਵੀ ਪ੍ਰਦਰਸ਼ਿਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਪ੍ਰੋਗਰਾਮ ਦੀ ਸਫਲਤਾ ਲਈ ਵਿਭਾਗੀ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਸਪੱਸ਼ਟ ਤੌਰ ’ਤੇ ਤੈਅ ਕਰਨ ਲਈ ਕਿਹਾ। ਇਸ ਦੇ ਨਾਲ ਹੀ 8 ਦਸੰਬਰ ਨੂੰ ਹੋਣ ਵਾਲੀ ਸ਼ੇਖਾਵਾਟੀ ਹੈਰੀਟੇਜ ਮੀਟ ਸਬੰਧੀ ਵੀ ਲੋੜੀਂਦੇ ਨਿਰਦੇਸ਼ ਜਾਰੀ ਕੀਤੇ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ ਰਾਈਜ਼ਿੰਗ ਰਾਜਸਥਾਨ ਗਲੋਬਲ ਇਨਵੈਸਟਮੈਂਟ ਸਮਿਟ ਦੌਰਾਨ ਹਰ ਸਾਲ 10 ਦਸੰਬਰ ਨੂੰ ਪ੍ਰਵਾਸੀ ਰਾਜਸਥਾਨੀ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਇਸੇ ਤਹਿਤ ਦੂਜਾ ਪ੍ਰਵਾਸੀ ਰਾਜਸਥਾਨੀ ਦਿਵਸ 10 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ।
8 ਦਸੰਬਰ ਨੂੰ ਝੁੰਝੁਨੂੰ ਦੇ ਖੇਤੜੀ ਸਥਿਤ ਅਭੈਗੜ੍ਹ ਵਿਖੇ ਸ਼ੇਖਾਵਾਟੀ ਹੈਰੀਟੇਜ ਮੀਟ ਕਰਵਾਈ ਜਾਵੇਗੀ, ਜਦਕਿ 10 ਦਸੰਬਰ ਨੂੰ ਜੈਪੁਰ ਦੇ ਝਓਛਛ ਵਿਖੇ ਪ੍ਰਵਾਸੀ ਰਾਜਸਥਾਨੀ ਦਿਵਸ ਦਾ ਮੁੱਖ ਸਮਾਗਮ ਆਯੋਜਿਤ ਹੋਵੇਗਾ।
ਮੀਟਿੰਗ ਵਿੱਚ ਮੁੱਖ ਸਕੱਤਰ ਵੀ. ਸ਼੍ਰੀਨਿਵਾਸ, ਵਧੀਕ ਮੁੱਖ ਸਕੱਤਰ (ਮੁੱਖ ਮੰਤਰੀ) ਅਖਿਲ ਅਰੋੜਾ ਅਤੇ ਉਦਯੋਗ ਤੇ ਵਣਜ ਵਿਭਾਗ, ਰਾਜਸਥਾਨ ਫਾਊਂਡੇਸ਼ਨ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
