ਲੰਡਨ: ਯੂਰਪ ਵਿੱਚ ਇਸ ਸਾਲ ਪਈ ਭਿਆਨਕ ਗਰਮੀ ਨੇ ਵੱਡਾ ਪ੍ਰਭਾਵ ਪਾਇਆ ਹੈ। ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਕਿਹਾ ਹੈ ਕਿ ਹੀਟਵੇਵ ਨੂੰ ਕੁਦਰਤੀ ਆਫ਼ਤ ਵਜੋਂ ਦੇਖਦਿਆਂ ਯੂਰਪੀ ਸੰਘ ਇਸ ਨਾਲ ਨਜਿੱਠਣ ਲਈ ਨਵੀਂ ਰਣਨੀਤੀ ਤਿਆਰ ਕਰੇਗਾ। ਉਨ੍ਹਾਂ ਮੁਤਾਬਕ ਇਸ ਸਾਲ ਗਰਮੀ ਦੀਆਂ ਲਹਿਰਾਂ ਦੌਰਾਨ ਯੂਰਪ ਵਿੱਚ 35,000 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।
ਉਨ੍ਹਾਂ ਕਿਹਾ ਕਿ ਗਰਮੀ ਕਾਰਨ ਕਈ ਇਲਾਕਿਆਂ ਵਿੱਚ ਦਰਿਆ ਅਤੇ ਜਲ ਸਰੋਤ ਸੁੱਕ ਗਏ, ਜਦਕਿ ਕਈ ਦੇਸ਼ਾਂ ਨੂੰ ਭਿਆਨਕ ਜੰਗਲਾਂ ਦੀਆਂ ਅੱਗਾਂ ਦਾ ਸਾਹਮਣਾ ਕਰਨਾ ਪਿਆ। ਵਾਨ ਡੇਰ ਲੇਅਨ ਨੇ ਕਿਹਾ ਕਿ ਇਸ ਸਾਲ ਦੀ ਗਰਮੀ ਨੇ ਯੂਰਪ ਨੂੰ ਮੌਸਮੀ ਖ਼ਤਰਿਆਂ ਨਾਲ ਨਜਿੱਠਣ ਲਈ ਹੋਰ ਤਿਆਰ ਰਹਿਣ ਦਾ ਅਹਿਮ ਸਬਕ ਦਿੱਤਾ ਹੈ।
ਯੂਰਪੀ ਸੰਘ ਹੁਣ ਜੰਗਲਾਂ ਵਿੱਚ ਲੱਗਣ ਵਾਲੀਆਂ ਅੱਗਾਂ ’ਤੇ ਤੇਜ਼ੀ ਨਾਲ ਕਾਬੂ ਪਾਉਣ ਲਈ ਅੱਗ ਬੁਝਾਉਣ ਵਾਲੇ ਜਹਾਜ਼ਾਂ ਦਾ ਵੱਡਾ ਬੇੜਾ ਤਿਆਰ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਸਾਲ ਯੂਰਪ ਦੇ ਕਈ ਦੇਸ਼ਾਂ ਵਿੱਚ ਜੰਗਲਾਂ ਦੀ ਅੱਗ ਨੇ ਵੱਡਾ ਨੁਕਸਾਨ ਕੀਤਾ ਹੈ।
ਦੱਸਿਆ ਗਿਆ ਹੈ ਕਿ ਇਨ੍ਹਾਂ ਅੱਗਾਂ ਕਾਰਨ ਲਗਭਗ 6.60 ਲੱਖ ਹੈਕਟੇਅਰ ਜ਼ਮੀਨ ਸੜ ਗਈ, ਜਦਕਿ ਕਰੀਬ 1.2 ਕਰੋੜ ਟਨ ਫ਼ਸਲਾਂ ਦੇ ਨੁਕਸਾਨ ਦਾ ਅਨੁਮਾਨ ਹੈ।
ਉਰਸੁਲਾ ਵਾਨ ਡੇਰ ਲੇਅਨ ਮੁਤਾਬਕ ਯੂਰਪੀ ਸੰਘ ਅੱਗ ਦੇ ਸਭ ਤੋਂ ਵੱਧ ਖ਼ਤਰੇ ਵਾਲੇ 100 ਖੇਤਰਾਂ ਦੀ ਪਛਾਣ ਕਰੇਗਾ। ਇਨ੍ਹਾਂ ਇਲਾਕਿਆਂ ਵਿੱਚ ਜੰਗਲਾਂ ਦੀ ਅੱਗ ਦੇ ਖ਼ਤਰੇ ਅਤੇ ਐਮਰਜੈਂਸੀ ਨਾਲ ਨਜਿੱਠਣ ਲਈ ਮੌਜੂਦਾ ਤਿਆਰੀਆਂ ਦਾ ਮੁਲਾਂਕਣ ਕੀਤਾ ਜਾਵੇਗਾ।
‘ਵਰਲਡ ਵੈਦਰ ਐਟਰੀਬਿਊਸ਼ਨ’ ਦੇ ਅਧਿਐਨ ਦਾ ਹਵਾਲਾ ਦਿੰਦਿਆਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਲਵਾਯੂ ਤਬਦੀਲੀ ਨੇ ਇਸ ਸਾਲ ਯੂਰਪ ਵਿੱਚ ਪਈ ਅਤਿ ਦੀ ਗਰਮੀ ਨੂੰ ਹੋਰ ਗੰਭੀਰ ਬਣਾਉਣ ਵਿੱਚ ਭੂਮਿਕਾ ਨਿਭਾਈ।
ਵਾਨ ਡੇਰ ਲੇਅਨ ਨੇ ਕਿਹਾ ਕਿ ਯੂਰਪ ਵਿੱਚ ਤਾਪਮਾਨ ਵਧਣ ਦੀ ਰਫ਼ਤਾਰ ਵਿਸ਼ਵ ਔਸਤ ਦੇ ਮੁਕਾਬਲੇ ਲਗਭਗ ਦੁੱਗਣੀ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਵਧ ਰਹੇ ਤਾਪਮਾਨ ਅਤੇ ਹੀਟਵੇਵ ਦੇ ਖ਼ਤਰਿਆਂ ਨਾਲ ਨਜਿੱਠਣ ਲਈ ਯੂਰਪ ਨੂੰ ਲੰਬੇ ਸਮੇਂ ਦੀ ਤਿਆਰੀ ਕਰਨ ਦੀ ਲੋੜ ਹੈ।










