Home National ਧਨਤੇਰਸ ‘ਤੇ ਭੁੱਲ ਕੇ ਵੀ ਨਾ ਖਰੀਦੋ ਇਹ ਚੀਜ਼ਾਂ! ਜਾਣੋ ਕੀ ਕਹਿੰਦੀਆਂ...

ਧਨਤੇਰਸ ‘ਤੇ ਭੁੱਲ ਕੇ ਵੀ ਨਾ ਖਰੀਦੋ ਇਹ ਚੀਜ਼ਾਂ! ਜਾਣੋ ਕੀ ਕਹਿੰਦੀਆਂ ਹਨ ਧਾਰਮਿਕ ਮਾਨਤਾਵਾਂ

0

ਨਵੀਂ ਦਿੱਲੀ : ਦੀਵਾਲੀ ਦੇ ਤਿਉਹਾਰ ਦੀ ਸ਼ੁਰੂਆਤ ਧਨਤੇਰਸ ਤੋਂ ਹੁੰਦੀ ਹੈ। ਪੰਜ ਦਿਨਾਂ ਤੱਕ ਚੱਲਣ ਵਾਲੇ ਇਸ ਤਿਉਹਾਰ ਦਾ ਸਮਾਪਨ ਭਾਈ ਦੂਜ ਵਾਲੇ ਦਿਨ ਹੁੰਦਾ ਹੈ। ਇਸ ਵਾਰ ਧਨਤੇਰਸ ਦਾ ਤਿਉਹਾਰ 6 ਨਵੰਬਰ ਯਾਨੀ ਅੱਜ ਮਨਾਇਆ ਜਾ ਰਿਹਾ ਹੈ। ਹਿੰਦੂ ਧਾਰਮਿਕ ਮਾਨਤਾਵਾਂ ਅਨੁਸਾਰ ਇਹ ਦਿਨ ਖਰੀਦਦਾਰੀ ਅਤੇ ਪੂਜਾ-ਪਾਠ ਲਈ ਬੇਹੱਦ ਖ਼ਾਸ ਮੰਨਿਆ ਜਾਂਦਾ ਹੈ।

ਇਸ ਦਿਨ ਭਗਵਾਨ ਧਨਵੰਤਰੀ ਅਤੇ ਧਨ ਦੇ ਦੇਵਤਾ ਕੁਬੇਰ ਦੀ ਪੂਜਾ ਕੀਤੀ ਜਾਂਦੀ ਹੈ। ਲੋਕ ਸੋਨਾ, ਚਾਂਦੀ ਅਤੇ ਹੋਰ ਨਵੀਆਂ ਚੀਜ਼ਾਂ ਖਰੀਦ ਕੇ ਘਰ ਲਿਆਉਂਦੇ ਹਨ। ਮਾਨਤਾ ਹੈ ਕਿ ਧਨਤੇਰਸ ਮੌਕੇ ਕੁਝ ਖ਼ਾਸ ਚੀਜ਼ਾਂ ਦੀ ਖਰੀਦਦਾਰੀ ਕਰਨ ਨਾਲ ਘਰ ਵਿੱਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਆਉਂਦੀ ਹੈ। ਆਓ ਜਾਣਦੇ ਹਾਂ ਇਸ ਦਿਨ ਕਿਹੜੀਆਂ ਚੀਜ਼ਾਂ ਖਰੀਦਣੀਆਂ ਸ਼ੁੱਭ ਮੰਨੀਆਂ ਜਾਂਦੀਆਂ ਹਨ ਅਤੇ ਕਿਹੜੀਆਂ ਤੋਂ ਪਰਹੇਜ਼ ਕੀਤਾ ਜਾਂਦਾ ਹੈ।

ਮਾਂ ਲਕਸ਼ਮੀ ਅਤੇ ਗਣੇਸ਼ ਜੀ ਦੀਆਂ ਮੂਰਤੀਆਂ

ਧਨਤੇਰਸ ਦੇ ਮੌਕੇ ਮਾਂ ਲਕਸ਼ਮੀ ਅਤੇ ਭਗਵਾਨ ਗਣੇਸ਼ ਜੀ ਦੀਆਂ ਮੂਰਤੀਆਂ ਖਰੀਦਣ ਦਾ ਵਿਸ਼ੇਸ਼ ਮਹੱਤਵ ਹੈ। ਧਾਰਮਿਕ ਮਾਨਤਾ ਅਨੁਸਾਰ ਇਨ੍ਹਾਂ ਮੂਰਤੀਆਂ ਨੂੰ ਘਰ ਦੇ ਪੂਜਾ ਸਥਾਨ ਵਿੱਚ ਸਥਾਪਿਤ ਕਰਕੇ ਪੂਜਾ ਕਰਨ ਨਾਲ ਘਰ ਵਿੱਚ ਸੁੱਖ-ਸਮ੍ਰਿੱਧੀ ਅਤੇ ਖੁਸ਼ਹਾਲੀ ਬਣੀ ਰਹਿੰਦੀ ਹੈ।

ਝਾੜੂ ਖਰੀਦਣਾ ਮੰਨਿਆ ਜਾਂਦਾ ਹੈ ਸ਼ੁੱਭ

ਧਨਤੇਰਸ ਵਾਲੇ ਦਿਨ ਝਾੜੂ ਖਰੀਦਣ ਦੀ ਵੀ ਪੁਰਾਣੀ ਪਰੰਪਰਾ ਹੈ। ਮਾਨਤਾ ਹੈ ਕਿ ਝਾੜੂ ਘਰ ਵਿੱਚੋਂ ਗਰੀਬੀ ਅਤੇ ਨਕਾਰਾਤਮਕਤਾ ਨੂੰ ਦੂਰ ਕਰਨ ਦਾ ਪ੍ਰਤੀਕ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਨਵਾਂ ਝਾੜੂ ਘਰ ਲਿਆਉਣ ਨਾਲ ਮਾਂ ਲਕਸ਼ਮੀ ਦੀ ਕਿਰਪਾ ਬਣੀ ਰਹਿੰਦੀ ਹੈ। ਕਈ ਥਾਵਾਂ ’ਤੇ ਝਾੜੂ ਨਾਲ ਚਿੱਟਾ ਧਾਗਾ ਬੰਨ੍ਹਣ ਦੀ ਰੀਤ ਵੀ ਪ੍ਰਚਲਿਤ ਹੈ।

ਸੋਨੇ ਅਤੇ ਚਾਂਦੀ ਦੇ ਸਿੱਕੇ

ਧਨਤੇਰਸ ਮੌਕੇ ਸੋਨੇ ਅਤੇ ਚਾਂਦੀ ਦੀ ਖਰੀਦਦਾਰੀ ਨੂੰ ਖ਼ਾਸ ਮਹੱਤਵ ਦਿੱਤਾ ਜਾਂਦਾ ਹੈ। ਇਸ ਦਿਨ ਲੋਕ ਸੋਨੇ-ਚਾਂਦੀ ਦੇ ਗਹਿਣੇ, ਸਿੱਕੇ ਅਤੇ ਭਾਂਡੇ ਖਰੀਦਣਾ ਪਸੰਦ ਕਰਦੇ ਹਨ। ਧਾਰਮਿਕ ਵਿਸ਼ਵਾਸ ਅਨੁਸਾਰ ਇਨ੍ਹਾਂ ਚੀਜ਼ਾਂ ਨੂੰ ਦੀਵਾਲੀ ਵਾਲੇ ਦਿਨ ਮਾਂ ਲਕਸ਼ਮੀ ਅਤੇ ਭਗਵਾਨ ਗਣੇਸ਼ ਜੀ ਦੀ ਪੂਜਾ ਵਿੱਚ ਸ਼ਾਮਲ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ।

ਸਾਬਤ ਧਨੀਆ ਖਰੀਦਣ ਦੀ ਵੀ ਹੈ ਮਾਨਤਾ

ਧਨਤੇਰਸ ਵਾਲੇ ਦਿਨ ਸਾਬਤ ਧਨੀਆ ਖਰੀਦਣ ਦੀ ਪਰੰਪਰਾ ਵੀ ਕਈ ਘਰਾਂ ਵਿੱਚ ਨਿਭਾਈ ਜਾਂਦੀ ਹੈ। ਮਾਨਤਾ ਅਨੁਸਾਰ ਥੋੜ੍ਹੀ ਜਿਹੀ ਮਾਤਰਾ ਵਿੱਚ ਧਨੀਆ ਖਰੀਦ ਕੇ ਮਾਂ ਲਕਸ਼ਮੀ ਨੂੰ ਅਰਪਿਤ ਕਰਨ ਨਾਲ ਆਰਥਿਕ ਤੰਗੀਆਂ ਦੂਰ ਹੁੰਦੀਆਂ ਹਨ ਅਤੇ ਘਰ ਵਿੱਚ ਬਰਕਤ ਬਣੀ ਰਹਿੰਦੀ ਹੈ।

ਕੱਪੜੇ ਅਤੇ ਘਰੇਲੂ ਸਾਮਾਨ ਵੀ ਖਰੀਦ ਸਕਦੇ ਹੋ

ਇਸ ਦਿਨ ਸੋਨੇ-ਚਾਂਦੀ ਤੋਂ ਇਲਾਵਾ ਨਵੇਂ ਕੱਪੜੇ, ਰਸੋਈ ਦੇ ਭਾਂਡੇ ਅਤੇ ਇਲੈਕਟ੍ਰਾਨਿਕ ਸਾਮਾਨ ਖਰੀਦਣਾ ਵੀ ਸ਼ੁੱਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਆਪਣੇ ਕੰਮ ਜਾਂ ਕਾਰੋਬਾਰ ਨਾਲ ਜੁੜੀਆਂ ਨਵੀਆਂ ਚੀਜ਼ਾਂ ਦੀ ਖਰੀਦਦਾਰੀ ਵੀ ਕੀਤੀ ਜਾ ਸਕਦੀ ਹੈ।

ਧਨਤੇਰਸ ਵਾਲੇ ਦਿਨ ਇਨ੍ਹਾਂ ਚੀਜ਼ਾਂ ਦੀ ਖਰੀਦਦਾਰੀ ਤੋਂ ਕੀਤਾ ਜਾਂਦਾ ਹੈ ਪਰਹੇਜ਼

ਧਾਰਮਿਕ ਮਾਨਤਾਵਾਂ ਅਨੁਸਾਰ ਧਨਤੇਰਸ ਵਾਲੇ ਦਿਨ ਕੁਝ ਚੀਜ਼ਾਂ ਖਰੀਦਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।

  • ਲੋਹੇ ਦੀਆਂ ਚੀਜ਼ਾਂ: ਮਾਨਤਾ ਅਨੁਸਾਰ ਇਸ ਦਿਨ ਲੋਹੇ ਦਾ ਸਾਮਾਨ ਖਰੀਦਣਾ ਸ਼ੁੱਭ ਨਹੀਂ ਮੰਨਿਆ ਜਾਂਦਾ।

  • ਚੀਨੀ ਮਿੱਟੀ ਦਾ ਸਾਮਾਨ: ਇਸ ਦਿਨ ਚੀਨੀ ਮਿੱਟੀ ਤੋਂ ਬਣੀਆਂ ਚੀਜ਼ਾਂ ਖਰੀਦਣ ਤੋਂ ਪਰਹੇਜ਼ ਕਰਨ ਦੀ ਪਰੰਪਰਾ ਹੈ।

  • ਕਾਲੇ ਰੰਗ ਦੀਆਂ ਚੀਜ਼ਾਂ: ਕਾਲੇ ਰੰਗ ਨੂੰ ਇਸ ਮੌਕੇ ਸ਼ੁੱਭ ਨਹੀਂ ਮੰਨਿਆ ਜਾਂਦਾ।

  • ਕੱਚ ਦਾ ਸਾਮਾਨ: ਧਾਰਮਿਕ ਵਿਸ਼ਵਾਸਾਂ ਅਨੁਸਾਰ ਕੱਚ ਦੀਆਂ ਚੀਜ਼ਾਂ ਦੀ ਖਰੀਦਦਾਰੀ ਤੋਂ ਵੀ ਬਚਿਆ ਜਾਂਦਾ ਹੈ।

  • ਐਲੂਮੀਨੀਅਮ ਦੇ ਭਾਂਡੇ: ਧਨਤੇਰਸ ਵਾਲੇ ਦਿਨ ਐਲੂਮੀਨੀਅਮ ਦੇ ਭਾਂਡੇ ਖਰੀਦਣਾ ਵੀ ਕਈ ਮਾਨਤਾਵਾਂ ਵਿੱਚ ਅਸ਼ੁੱਭ ਮੰਨਿਆ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version