ਬੀਜਿੰਗ : ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੇ ਪੰਜ ਸਾਲਾਂ ਬਾਅਦ ਚੀਨ ਦੇ ਦੌਰੇ ਨੇ ਭਾਰਤ-ਚੀਨ ਸਬੰਧਾਂ ਵਿੱਚ ਬਰਫ਼ ਪਿਘਲਾਉਣ ਲਈ ਇੱਕ ਨਵੀਂ ਕੋਸ਼ਿਸ਼ ਨੂੰ ਤੇਜ਼ ਕਰ ਦਿੱਤਾ ਹੈ। ਸ਼ੰਘਾਈ ਸਹਿਯੋਗ ਸੰਗਠਨ (S3O) ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਬੀਜਿੰਗ ਪਹੁੰਚੇ ਜੈਸ਼ੰਕਰ ਨੇ ਨਾ ਸਿਰਫ਼ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ, ਸਗੋਂ ਆਪਣੀ ਤਸਵੀਰ ਸਾਂਝੀ ਕਰਕੇ ਉਨ੍ਹਾਂ ਸਾਰੀਆਂ ਅਫਵਾਹਾਂ ਨੂੰ ਵੀ ਖਤਮ ਕਰ ਦਿੱਤਾ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਸ਼ੀ ਜਿਨਪਿੰਗ ਸੱਤਾ ਸੰਘਰਸ਼ ਜਾਂ ਬਿਮਾਰੀ ਕਾਰਨ ’ਅੰਡਰਗਰਾਊਂਡ’ ਹਨ। ਪਿਛਲੇ ਕੁੱਝ ਹਫ਼ਤਿਆਂ ਤੋਂ ਸੋਸ਼ਲ ਮੀਡੀਆ ’ਤੇ ਸਵਾਲ ਘੁੰਮ ਰਹੇ ਸਨ ਕਿ ਕੀ ਸ਼ੀ ਜਿਨਪਿੰਗ ਲਾਪਤਾ ਹਨ? ਕੀ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ? ਪਰ ਜੈਸ਼ੰਕਰ ਦੀ ਇਸ ਹਾਈ-ਪ੍ਰੋਫਾਈਲ ਮੀਟਿੰਗ ਨੇ ਦੱਸਿਆ ਕਿ ਚੀਨ ਦੀ ਸਿਖਰਲੀ ਲੀਡਰਸ਼ਿਪ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਅਫਵਾਹਾਂ ਦਾ ਹਕੀਕਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਜੈਸ਼ੰਕਰ ਨੇ ਐਕਸ ’ਤੇ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, ਕਿ ਬੀਤੇ ਦਿਨੀਂੇ ਬੀਜਿੰਗ ਵਿੱਚ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ (S3O) ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਨੂੰ ਭਾਰਤ-ਚੀਨ ਦੁਵੱਲੇ ਸਬੰਧਾਂ ਵਿੱਚ ਹਾਲੀਆ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ ਅਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਨੇਹਾ ਵੀ ਸੌਂਪਿਆ। ਇਹ ਮੁਲਾਕਾਤ ਇਸ ਗੱਲ ਦਾ ਠੋਸ ਸਬੂਤ ਬਣ ਗਈ ਕਿ ਸ਼ੀ ਜਿਨਪਿੰਗ ਕਿਤੇ ਵੀ ਗਾਇਬ ਨਹੀਂ ਹੋਏ ਹਨ।
