ਨਵੀਂ ਦਿੱਲੀ: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਆਪਣੇ ਬੇਬਾਕ ਅੰਦਾਜ਼ ਕਾਰਨ ਸੁਰਖੀਆਂ ਵਿੱਚ ਆ ਗਏ ਹਨ। ਆਪਣੇ ‘ਔਰਾ ਵਰਲਡ ਟੂਰ’ ਤਹਿਤ ਦਿੱਲੀ ਦੇ ਜਵਾਹਰ ਲਾਲ ਨਹਿਰੂ (JLN) ਸਟੇਡੀਅਮ ਵਿੱਚ ਹੋਏ ਪਹਿਲੇ ਕੰਸਰਟ ਦੌਰਾਨ ਉਨ੍ਹਾਂ ਨੇ ਵਿਰੋਧ ਕਰਨ ਵਾਲਿਆਂ ਨੂੰ ਸਿੱਧੀ ਚੁਣੌਤੀ ਦਿੱਤੀ। ਇਸ ਸੰਗੀਤ ਸਮਾਰੋਹ ਵਿੱਚ 80 ਹਜ਼ਾਰ ਤੋਂ ਵੱਧ ਲੋਕਾਂ ਦੇ ਪਹੁੰਚਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸ਼ੋਅ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਕੰਸਰਟ ਦੌਰਾਨ ਦਿਲਜੀਤ ਨੇ ਕਿਹਾ ਕਿ ਉਨ੍ਹਾਂ ਦੇ ਸ਼ੋਅ ਨੂੰ ਰੋਕਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਇਸ ਦੇ ਬਾਵਜੂਦ ਉਹ ਆਪਣਾ ਪ੍ਰੋਗਰਾਮ ਕਰਨ ਵਿੱਚ ਕਾਮਯਾਬ ਰਹੇ। ਉਨ੍ਹਾਂ ਨੇ ਸਟੇਜ ਤੋਂ ਲਲਕਾਰਦਿਆਂ ਕਿਹਾ, ”ਇਹ ਮੇਰਾ ਪਹਿਲਾ ਸ਼ੋਅ ਹੈ। ਮੈਨੂੰ ਅਤੇ ਮੇਰੇ ਸ਼ੋਅ ਨੂੰ ਰੋਕਣ ਦੀਆਂ ਬਹੁਤ ਕੋਸ਼ਿਸ਼ਾਂ ਹੋਈਆਂ, ਪਰ ਮੈਂ 20 ਦਸੰਬਰ ਤੱਕ ਭਾਰਤ ਵਿੱਚ ਹੀ ਹਾਂ। ਕੋਈ ਮੈਨੂੰ ਰੋਕ ਕੇ ਦਿਖਾਵੇ। ਮੈਂ ਆਪਣੇ ਬਾਕੀ ਸਾਰੇ ਸ਼ੋਅ ਪੂਰੇ ਕਰਨ ਤੋਂ ਬਾਅਦ ਹੀ ਵਾਪਸ ਜਾਵਾਂਗਾ। ਜਿਸ ਵਿੱਚ ਹਿੰਮਤ ਹੈ, ਉਹ ਰੋਕ ਕੇ ਦਿਖਾਵੇ। ਮੈਂ ਪੰਜਾਬ ਤੋਂ ਹਾਂ।’
ਦਿੱਲੀ ਕੰਸਰਟ ਦੌਰਾਨ ਦਿਲਜੀਤ ਨੇ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ’ਤੇ ਆਧਾਰਿਤ ਫਿਲਮ ‘ਸਤਲੁਜ’ ਨੂੰ ਲੈ ਕੇ ਵੀ ਆਪਣੀ ਗੱਲ ਰੱਖੀ। ਉਨ੍ਹਾਂ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਪੰਜਾਬੀਆਂ ਨੂੰ ਸੰਘਰਸ਼ ਕਰਨਾ ਸਿਖਾਉਣ ਦੀ ਲੋੜ ਨਹੀਂ ਹੈ।
ਗਾਇਕ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਵਰਗੇ ਵਿਅਕਤੀ ਨੇ ਇਨਸਾਫ਼ ਲਈ ਲੰਬੀ ਲੜਾਈ ਲੜੀ ਹੈ ਅਤੇ ਇਸ ਫਿਲਮ ਲਈ ਵੀ ਉਨ੍ਹਾਂ ਨੂੰ ਕਾਫੀ ਸਮਾਂ ਸੰਘਰਸ਼ ਕਰਨਾ ਪਿਆ। ਉਨ੍ਹਾਂ ਅੱਗੇ ਕਿਹਾ ਕਿ ਉਹ ਆਮ ਤੌਰ ’ਤੇ ਚੁੱਪ ਰਹਿਣਾ ਪਸੰਦ ਕਰਦੇ ਹਨ ਅਤੇ ਸਾਰਿਆਂ ਨੂੰ ਪਿਆਰ ਕਰਦੇ ਹਨ। ਜੇਕਰ ਕੋਈ ਉਨ੍ਹਾਂ ਨਾਲ ਨਫ਼ਰਤ ਵੀ ਕਰਦਾ ਹੈ ਤਾਂ ਵੀ ਉਨ੍ਹਾਂ ਵੱਲੋਂ ਸਭ ਲਈ ਪਿਆਰ ਹੀ ਰਹੇਗਾ।
ਦਿਲਜੀਤ ਦੇ ਇਸ ਬਿਆਨ ਤੋਂ ਬਾਅਦ ਕੰਸਰਟ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਉਨ੍ਹਾਂ ਦੇ ਪ੍ਰਸ਼ੰਸਕ ਗਾਇਕ ਦੇ ਬੇਬਾਕ ਅੰਦਾਜ਼ ਦੀ ਤਾਰੀਫ਼ ਕਰ ਰਹੇ ਹਨ। ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਹੋਏ ਇਸ ਸ਼ੋਅ ਨੇ ਦਿੱਲੀ ਵਿੱਚ ਖੂਬ ਰੌਣਕ ਲਾਈ।





