Home National ਅੱਜ ਦਿੱਲੀ ’ਚ ਦਿਲਜੀਤ ਦੋਸਾਂਝ ਦਾ ਕੰਸਰਟ

ਅੱਜ ਦਿੱਲੀ ’ਚ ਦਿਲਜੀਤ ਦੋਸਾਂਝ ਦਾ ਕੰਸਰਟ

0

ਮਨੋਰੰਜਨ: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਅੱਜ 30 ਅਕਤੂਬਰ ਨੂੰ ਦਿੱਲੀ ਵਿੱਚ ਆਪਣੇ ਸੰਗੀਤਕ ਪ੍ਰੋਗਰਾਮ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਹੋਣ ਵਾਲੇ ਇਸ ਕੰਸਰਟ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਕਾਫ਼ੀ ਉਤਸ਼ਾਹ ਹੈ। ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ।

ਦਿਲਜੀਤ ਦਾ ‘ਰੁਪੇ ਔਰਾ ਇੰਡੀਆ ਟੂਰ 2026’ ਅੱਜ ਦਿੱਲੀ ਤੋਂ ਸ਼ੁਰੂ ਹੋ ਰਿਹਾ ਹੈ। ਜੇਕਰ ਤੁਸੀਂ ਵੀ ਇਸ ਕੰਸਰਟ ਵਿੱਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਹੇ ਹੋ ਤਾਂ ਘਰੋਂ ਨਿਕਲਣ ਤੋਂ ਪਹਿਲਾਂ ਆਵਾਜਾਈ ਨਾਲ ਜੁੜੀਆਂ ਕੁਝ ਜ਼ਰੂਰੀ ਗੱਲਾਂ ਜਾਣ ਲੈਣਾ ਫਾਇਦੇਮੰਦ ਰਹੇਗਾ।

ਦਿੱਲੀ ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ

ਦਿੱਲੀ ਟ੍ਰੈਫਿਕ ਪੁਲਿਸ ਮੁਤਾਬਕ, ਜਵਾਹਰਲਾਲ ਨਹਿਰੂ (JLN) ਸਟੇਡੀਅਮ ਵਿੱਚ ਹੋਣ ਵਾਲੇ ਇਸ ਪ੍ਰੋਗਰਾਮ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਸਟੇਡੀਅਮ ਵਿੱਚ ਆਮ ਲੋਕਾਂ ਲਈ ਪਾਰਕਿੰਗ ਦੀ ਸਹੂਲਤ ਉਪਲਬਧ ਨਹੀਂ ਹੋਵੇਗੀ।

ਇਸ ਤੋਂ ਇਲਾਵਾ ਕੰਸਰਟ ਰਾਤ 10 ਵਜੇ ਤੱਕ ਹੀ ਚੱਲੇਗਾ। ਦਿਲਜੀਤ ਦੋਸਾਂਝ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਿੱਜੀ ਵਾਹਨਾਂ ਦੀ ਬਜਾਏ ਮੈਟਰੋ ਰਾਹੀਂ ਆਉਣ ਦੀ ਸਲਾਹ ਦਿੱਤੀ ਹੈ।

ਇਨ੍ਹਾਂ ਸੜਕਾਂ ’ਤੇ ਆਵਾਜਾਈ ਹੋ ਸਕਦੀ ਹੈ ਪ੍ਰਭਾਵਿਤ

ਕੰਸਰਟ ਕਾਰਨ ਭੀੜ ਵਧਣ ਦੀ ਸੰਭਾਵਨਾ ਨੂੰ ਦੇਖਦਿਆਂ ਦਿੱਲੀ ਪੁਲਿਸ ਨੇ ਕਈ ਪ੍ਰਮੁੱਖ ਸੜਕਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਬਚ ਕੇ ਸਫ਼ਰ ਕਰਨ ਦੀ ਸਲਾਹ ਦਿੱਤੀ ਹੈ।

ਇਨ੍ਹਾਂ ਵਿੱਚ ਭੀਸ਼ਮ ਪਿਤਾਮਹ ਮਾਰਗ, ਲਾਲਾ ਲਾਜਪਤ ਰਾਏ ਮਾਰਗ, ਚੌਥੀ ਅਤੇ ਪੰਜਵੀਂ ਐਵੇਨਿਊ ਰੋਡ, ਲੋਧੀ ਰੋਡ, ਸੀਜੀਓ ਕੰਪਲੈਕਸ, ਲੋਧੀ ਕਾਲੋਨੀ ਦੀਆਂ ਅੰਦਰੂਨੀ ਸੜਕਾਂ ਅਤੇ ਆਰਚਬਿਸ਼ਪ ਮਕਾਰਿਓਸ ਮਾਰਗ ਸ਼ਾਮਲ ਹਨ। ਟ੍ਰੈਫਿਕ ਨੂੰ ਸੁਚਾਰੂ ਰੱਖਣ ਲਈ ਪੁਲਿਸ ਵੱਲੋਂ ਮੁੱਖ ਚੌਰਾਹਿਆਂ ’ਤੇ ਡਾਇਵਰਜ਼ਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

ਰਾਤ 12 ਵਜੇ ਤੱਕ ਚੱਲਣਗੀਆਂ ਮੈਟਰੋ ਸੇਵਾਵਾਂ

ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਪ੍ਰਸ਼ੰਸਕਾਂ ਨੂੰ ਮੈਟਰੋ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੰਸਰਟ ਕਾਰਨ ਕੁਝ ਸੜਕਾਂ ’ਤੇ ਪਾਬੰਦੀਆਂ ਲੱਗ ਸਕਦੀਆਂ ਹਨ, ਜਦਕਿ ਦਿੱਲੀ ਮੈਟਰੋ ਦੀਆਂ ਸੇਵਾਵਾਂ ਰਾਤ 12 ਵਜੇ ਤੱਕ ਜਾਰੀ ਰਹਿਣਗੀਆਂ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪ੍ਰਬੰਧਕਾਂ ਨੂੰ ਪ੍ਰੋਗਰਾਮ ਰਾਤ 10 ਵਜੇ ਤੱਕ ਕਰਵਾਉਣ ਦੀ ਹੀ ਇਜਾਜ਼ਤ ਮਿਲੀ ਹੈ। ਇਸ ਲਈ ਦਰਸ਼ਕਾਂ ਨੂੰ ਆਪਣੀ ਵਾਪਸੀ ਦੀ ਯੋਜਨਾ ਪਹਿਲਾਂ ਹੀ ਬਣਾ ਲੈਣੀ ਚਾਹੀਦੀ ਹੈ।

ਦਿੱਲੀ ਤੋਂ ਸ਼ੁਰੂ ਹੋਵੇਗਾ ਇੰਡੀਆ ਟੂਰ

ਦਿਲਜੀਤ ਦੋਸਾਂਝ ਦੇ ‘ਰੁਪੇ ਔਰਾ ਇੰਡੀਆ ਟੂਰ 2026’ ਦੀ ਸ਼ੁਰੂਆਤ ਦਿੱਲੀ ਤੋਂ ਹੋ ਰਹੀ ਹੈ। ਇਸ ਤੋਂ ਬਾਅਦ ਉਹ ਦੇਸ਼ ਦੇ ਕਈ ਹੋਰ ਸ਼ਹਿਰਾਂ ਵਿੱਚ ਵੀ ਪ੍ਰਦਰਸ਼ਨ ਕਰਨਗੇ। ਤੈਅ ਸ਼ਡਿਊਲ ਮੁਤਾਬਕ 15 ਨਵੰਬਰ ਨੂੰ ਇੰਦੌਰ, 21 ਨਵੰਬਰ ਨੂੰ ਅਹਿਮਦਾਬਾਦ, 27 ਨਵੰਬਰ ਨੂੰ ਮੁੰਬਈ ਅਤੇ 29 ਨਵੰਬਰ ਨੂੰ ਬੈਂਗਲੁਰੂ ਵਿੱਚ ਉਨ੍ਹਾਂ ਦੇ ਸ਼ੋਅ ਹੋਣਗੇ। ਇਸ ਤੋਂ ਬਾਅਦ 5 ਦਸੰਬਰ ਨੂੰ ਲਖਨਊ ਵਿੱਚ ਵੀ ਕੰਸਰਟ ਹੋਵੇਗਾ।

ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਇਸ ਕੰਸਰਟ ਦੀ ਮਨਜ਼ੂਰੀ ਨੂੰ ਲੈ ਕੇ ਪਹਿਲਾਂ ਕੁਝ ਅਸਮੰਜਸ ਬਣਿਆ ਹੋਇਆ ਸੀ। ਸੁਰੱਖਿਆ ਪ੍ਰਬੰਧਾਂ ਸਬੰਧੀ ਪੁਲਿਸ ਅਤੇ ਪ੍ਰਬੰਧਕਾਂ ਵਿਚਾਲੇ ਮੀਟਿੰਗਾਂ ਤੋਂ ਬਾਅਦ ਆਖ਼ਰਕਾਰ ਪ੍ਰੋਗਰਾਮ ਨੂੰ ਮਨਜ਼ੂਰੀ ਮਿਲ ਗਈ ਸੀ।

NO COMMENTS

LEAVE A REPLY

Please enter your comment!
Please enter your name here

Exit mobile version