ਪਟਿਆਲਾ: ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਲਈ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਕੇਂਦਰੀ ਖੁਰਾਕ ਮੰਤਰਾਲੇ ਨੇ ਕਣਕ ਦੀ ਖ਼ਰੀਦ ਲਈ ਮਾਪਦੰਡਾਂ ਵਿੱਚ ਮਹੱਤਵਪੂਰਨ ਢਿੱਲ ਦੇਣ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਸੂਬੇ ਦੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਵੱਡੀ ਰਾਹਤ ਮਿਲੀ ਹੈ। ਨਵੇਂ ਨਿਯਮਾਂ ਅਨੁਸਾਰ ਹੁਣ ਪੰਜਾਬ ਵਿੱਚ 70 ਫ਼ੀਸਦੀ ਤੱਕ ਬਦਰੰਗ ਕਣਕ ਦੀ ਫ਼ਸਲ ਵੀ ਖ਼ਰੀਦੀ ਜਾਵੇਗੀ, ਜਦਕਿ ਸੁੰਗੜੇ ਅਤੇ ਟੁੱਟੇ ਦਾਣਿਆਂ ਦੀ ਮਾਤਰਾ ਦੀ ਹੱਦ 15 ਫ਼ੀਸਦੀ ਤੱਕ ਵਧਾ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਨੁਕਸਾਨੇ ਦਾਣਿਆਂ ਦੀ ਮਿਕਦਾਰ 6 ਫ਼ੀਸਦੀ ਤੱਕ ਮਨਜ਼ੂਰ ਕੀਤੀ ਗਈ ਹੈ। ਕੇਂਦਰ ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਢਿੱਲ ਦੇ ਤਹਿਤ ਖ਼ਰੀਦੀ ਗਈ ਫ਼ਸਲ ਨੂੰ ਵੱਖਰੇ ਤੌਰ ‘ਤੇ ਭੰਡਾਰ ਕੀਤਾ ਜਾਵੇਗਾ। ਜੇਕਰ ਭੰਡਾਰਨ ਦੌਰਾਨ ਇਸ ਫ਼ਸਲ ਦੀ ਗੁਣਵੱਤਾ ‘ਤੇ ਕੋਈ ਅਸਰ ਪੈਂਦਾ ਹੈ, ਤਾਂ ਇਸ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ।
ਦਰਅਸਲ, ਪੰਜਾਬ ਵਿੱਚ ਹਾਲ ਹੀ ਵਿੱਚ ਹੋਈ ਬੇਮੌਸਮੀ ਬਾਰਿਸ਼ ਕਾਰਨ ਕਣਕ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਸੀ। ਖੇਤੀ ਵਿਭਾਗ ਦੇ ਅਨੁਮਾਨ ਮੁਤਾਬਕ ਕਰੀਬ 1.30 ਲੱਖ ਏਕੜ ਖੇਤਰ ਵਿੱਚ ਫ਼ਸਲ ਪ੍ਰਭਾਵਿਤ ਹੋਈ ਹੈ। ਇਸ ਕਾਰਨ ਮੰਡੀਆਂ ਵਿੱਚ ਆ ਰਹੀ ਕਣਕ ਦੀ ਗੁਣਵੱਤਾ ‘ਤੇ ਵੀ ਅਸਰ ਪਿਆ ਸੀ, ਜਿਸ ਕਰਕੇ ਖ਼ਰੀਦ ਏਜੰਸੀਆਂ ਮਾਪਦੰਡਾਂ ਦਾ ਹਵਾਲਾ ਦੇ ਕੇ ਫ਼ਸਲ ਖ਼ਰੀਦਣ ਤੋਂ ਕਤਰਾਹਟ ਕਰ ਰਹੀਆਂ ਸਨ।
ਕੇਂਦਰੀ ਖੁਰਾਕ ਮੰਤਰਾਲੇ ਨੂੰ ਭੇਜੀ ਗਈ ਰਿਪੋਰਟ ਅਨੁਸਾਰ ਪੰਜਾਬ ਵਿੱਚ 80 ਫ਼ੀਸਦੀ ਤੱਕ ਫ਼ਸਲ ਬਦਰੰਗ ਹੋ ਗਈ ਸੀ, ਜਦਕਿ ਸੁੰਗੜੇ ਅਤੇ ਟੁੱਟੇ ਦਾਣਿਆਂ ਦਾ ਨੁਕਸਾਨ 20 ਫ਼ੀਸਦੀ ਤੱਕ ਦਰਜ ਕੀਤਾ ਗਿਆ। ਇਸ ਤੋਂ ਇਲਾਵਾ 6 ਫ਼ੀਸਦੀ ਤੱਕ ਦਾਣੇ ਨੁਕਸਾਨੀ ਪਾਏ ਗਏ ਹਨ। ਭਾਰਤੀ ਖੁਰਾਕ ਨਿਗਮ ਦੀ ਚੰਡੀਗੜ੍ਹ ਲੈਬ ਵਿੱਚ 22 ਜ਼ਿਲ੍ਹਿਆਂ ਤੋਂ ਇਕੱਠੇ ਕੀਤੇ 291 ਨਮੂਨਿਆਂ ਦੀ ਜਾਂਚ ਤੋਂ ਬਾਅਦ ਇਹ ਅੰਕੜੇ ਸਾਹਮਣੇ ਆਏ ।
ਮੌਜੂਦਾ ਸਮੇਂ ਵਿੱਚ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਤੇਜ਼ੀ ਨਾਲ ਵਧ ਰਹੀ ਹੈ। ਹੁਣ ਤੱਕ ਲਗਭਗ 10.55 ਲੱਖ ਮੈਟ੍ਰਿਕ ਟਨ ਕਣਕ ਮੰਡੀਆਂ ਵਿੱਚ ਆ ਚੁੱਕੀ ਹੈ, ਜਿਸ ਵਿੱਚੋਂ 5.96 ਲੱਖ ਮੈਟ੍ਰਿਕ ਟਨ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਨਵੇਂ ਮਾਪਦੰਡ ਲਾਗੂ ਹੋਣ ਨਾਲ ਹੁਣ ਖ਼ਰੀਦ ਪ੍ਰਕਿਰਿਆ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ।
ਇਸ ਫੈਸਲੇ ਨਾਲ ਜਿੱਥੇ ਪੰਜਾਬ ਸਰਕਾਰ ਨੇ ਸੁੱਖ ਦਾ ਸਾਹ ਲਿਆ ਹੈ, ਉਥੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਵੀ ਵੱਡੀ ਰਾਹਤ ਮਿਲੀ ਹੈ। ਵਿਸ਼ੇਸ਼ਗਿਆਨ ਮੰਨਦੇ ਹਨ ਕਿ ਇਹ ਕਦਮ ਕਿਸਾਨਾਂ ਨੂੰ ਆਰਥਿਕ ਨੁਕਸਾਨ ਤੋਂ ਬਚਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ ਅਤੇ ਮੰਡੀਆਂ ਵਿੱਚ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਬਣਾਏਗਾ।








