Home Punjab ਟਰੈਕਟਰ ਨਾਲ ਟਕਰਾ ਕੇ ਕੰਧ ਤੋੜ ਕੇ ਸਕੂਲ ‘ਚ ਘੁਸੀ ਬੱਸ

ਟਰੈਕਟਰ ਨਾਲ ਟਕਰਾ ਕੇ ਕੰਧ ਤੋੜ ਕੇ ਸਕੂਲ ‘ਚ ਘੁਸੀ ਬੱਸ

0

ਫਰੀਦਕੋਟ : ਫਰੀਦਕੋਟ ਜ਼ਿਲ੍ਹੇ ‘ਚੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ-54 ‘ਤੇ ਪਿੰਡ ਕਲੇਰ ਨੇੜੇ ਦਰਦਨਾਕ ਸੜਕ ਹਾਦਸਾ ਵਾਪਰਿਆ। ਫਰੀਦਕੋਟ ਤੋਂ ਅੰਮ੍ਰਿਤਸਰ ਜਾ ਰਹੀ ਇੱਕ ਨਿੱਜੀ ਬੱਸ ਦੀ ਲਿੰਕ ਰੋਡ ਵੱਲ ਮੋੜ ਵਾਲੇ ਟਰੈਕਟਰ-ਟਰਾਲੀ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਬੱਸ ਬੇਕਾਬੂ ਹੋ ਕੇ ਨੇੜਲੇ ਸਕੂਲ ਦੀ ਕੰਧ ਤੋੜ ਕੇ ਅੰਦਰ ਜਾ ਵੜੀ, ਜਦਕਿ ਟਰੈਕਟਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ।

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਵਾਪਰਿਆ। ਜਦੋਂ ਬੱਸ ਪਿੰਡ ਕਲੇਰ ਨੇੜੇ ਪੁੱਜੀ ਤਾਂ ਅੱਗੇ ਜਾ ਰਹੀ ਇੱਕ ਟਰੈਕਟਰ-ਟਰਾਲੀ ਅਚਾਨਕ ਹਾਈਵੇਅ ਤੋਂ ਲਿੰਕ ਰੋਡ ਵੱਲ ਨੂੰ ਪਲਟ ਗਈ। ਬੱਸ ਡਰਾਈਵਰ ਵੱਲੋਂ ਬ੍ਰੇਕ ਲਗਾਉਣ ਦੀ ਕੋਸ਼ਿਸ਼ ਦੇ ਬਾਵਜੂਦ ਬੱਸ ਬੇਕਾਬੂ ਹੋ ਕੇ ਟਰੈਕਟਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਦੇ ਦੋ ਟੁਕੜੇ ਹੋ ਗਏ ਅਤੇ ਬੱਸ ਸਕੂਲ ਦੀ ਕੰਧ ਤੋੜ ਕੇ ਅੰਦਰ ਚਲੀ ਗਈ। ਹਾਦਸੇ ਵਿੱਚ ਟਰੈਕਟਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਤੋਂ ਇਲਾਵਾ ਬੱਸ ਦਾ ਡਰਾਈਵਰ ਅਤੇ ਕਈ ਸਵਾਰੀਆਂ ਵੀ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਇਸ ਟੱਕਰ ਤੋਂ ਬਾਅਦ ਟਰੈਕਟਰ ਸੜਕ ਕਿਨਾਰੇ ਖੜ੍ਹੀ ਇੱਕ ਹੋਰ ਟਰੈਕਟਰ-ਟਰਾਲੀ ਨਾਲ ਟਕਰਾ ਗਿਆ, ਜਿਸ ਕਾਰਨ ਦੂਜਾ ਟਰੈਕਟਰ ਵੀ ਖੇਤਾਂ ਵਿੱਚ ਜਾ ਡਿੱਗਾ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਉਸ ਟਰੈਕਟਰ ‘ਤੇ ਸਵਾਰ ਪਿਓ-ਪੁੱਤ ਵਾਲ-ਵਾਲ ਬਚ ਗਏ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਟੱਕਰ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਪਿੰਡਾਂ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਪਿੰਡ ਵਾਸੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਬੱਸ ਵਿੱਚੋਂ ਸਵਾਰੀਆਂ ਅਤੇ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਐਂਬੂਲੈਂਸ ਅਤੇ ਨਿੱਜੀ ਵਾਹਨਾਂ ਰਾਹੀਂ ਹਸਪਤਾਲ ਪਹੁੰਚਾਉਣ ਵਿੱਚ ਮਦਦ ਕੀਤੀ। ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version