ਚੰਡੀਗੜ੍ਹ : ਭਾਰਤ-ਪਾਕਿ ਸਰਹੱਦ ‘ਤੇ ਸੁਰੱਖਿਆ ਤੰਤਰ ਦੀ ਚੌਕਸੀ ਨੇ ਇਕ ਵਾਰ ਫਿਰ ਨਾਰਕੋ-ਅੱਤਵਾਦ ਨੈੱਟਵਰਕ ਦੀ ਵੱਡੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਸੀਮਾ ਸੁਰੱਖਿਆ ਬਲ ਨੇ ਪੰਜਾਬ ਦੇ ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਵਿੱਚ ਸਾਂਝੇ ਆਪਰੇਸ਼ਨਾਂ ਵਿੱਚ ਤਿੰਨ ਪਾਕਿਸਤਾਨੀ ਡਰੋਨ ਅਤੇ 1.57 ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਇਕ ਤਸਕਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਪਾਕਿਸਤਾਨ ਅਧਾਰਤ ਹੈਂਡਲਰਾਂ ਦੇ ਸੰਪਰਕ ਵਿਚ ਸੀ।
ਬੀ.ਐਸ.ਐਫ ਦੇ ਪੰਜਾਬ ਫਰੰਟੀਅਰ ਦੇ ਲੋਕ ਸੰਪਰਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਗੁਪਤ ਸੂਚਨਾ ਦੇ ਆਧਾਰ ‘ਤੇ ਕਈ ਕਾਰਵਾਈਆਂ ਕੀਤੀਆਂ ਗਈਆਂ। ਫਿਰੋਜ਼ਪੁਰ ਦੇ ਪਿੰਡ ਹਬੀਬਵਾਲਾ ਵਿੱਚ ਬੀ.ਐਸ.ਐਫ ਅਤੇ ਪੰਜਾਬ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਕੁੱਲ 1.029 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸੇ ਕਾਰਵਾਈ ‘ਚ ਇਕ ਸਥਾਨਕ ਤਸਕਰ ਨੂੰ ਵੀ ਫੜਿਆ ਗਿਆ, ਜਿਸ ਦਾ ਸਬੰਧ ਸਰਹੱਦ ਪਾਰ ਤਸਕਰੀ ਨੈੱਟਵਰਕ ਨਾਲ ਦੱਸਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਰਜਤਾਲ ਅਤੇ ਦਾਓਕੇ, ਫਿਰੋਜ਼ਪੁਰ ਦੇ ਗੱਟੀ ਰਾਜੋਕੇ ਅਤੇ ਤਰਨ ਤਾਰਨ ਦੇ ਪਿੰਡ ਦਲ ਤੋਂ ਡੀ.ਜੇ.ਆਈ ਮੈਵਿਕ-3 ਕਲਾਸਿਕ ਮਾਡਲ ਦੇ ਤਿੰਨ ਪਾਕਿਸਤਾਨੀ ਡਰੋਨ ਬਰਾਮਦ ਕੀਤੇ ਗਏ ਹਨ। ਇਨ੍ਹਾਂ ਇਲਾਕਿਆਂ ਤੋਂ ਕੁੱਲ 545 ਗ੍ਰਾਮ ਵਾਧੂ ਹੈਰੋਇਨ ਵੀ ਬਰਾਮਦ ਕੀਤੀ ਗਈ। ਸਰਹੱਦ ‘ਤੇ ਤਾਇਨਾਤ ਐਡਵਾਂਸਡ ਇਲੈਕਟ੍ਰਾਨਿਕ ਕਾਊਂਟਰ-ਉਪਾਵਾਂ ਅਤੇ ਨਿਗਰਾਨੀ ਤਕਨਾਲੋਜੀ ਦੇ ਕਾਰਨ ਇਹ ਡਰੋਨ ਭਾਰਤੀ ਸਰਹੱਦ ‘ਚ ਦਾਖਲ ਹੁੰਦੇ ਹੀ ਅਕਿ ਰਿਆਸ਼ੀਲ ਹੋ ਗਏ ਅਤੇ ਜ਼ਮੀਨ ‘ਤੇ ਡਿੱਗ ਪਏ। ਬੀ.ਐਸ.ਐਫ ਅਤੇ ਪੰਜਾਬ ਪੁਲਿਸ ਦਰਮਿਆਨ ਸ਼ਾਨਦਾਰ ਤਾਲਮੇਲ ਅਤੇ ਖੁਫੀਆ ਜਾਣਕਾਰੀ ਦੇ ਤੁਰੰਤ ਹੁੰਗਾਰੇ ਨੇ ਇਸ ਸਫਲਤਾ ਨੂੰ ਸੰਭਵ ਬਣਾਇਆ।
ਬੀ.ਐਸ.ਐਫ ਨੇ ਕਿਹਾ ਕਿ ਇਹ ਮੁਹਿੰਮ ਪਾਕਿਸਤਾਨ ਸਮਰਥਿਤ ਨਾਰਕੋ-ਅੱਤਵਾਦ ਨੈਟਵਰਕ ਵਿਰੁੱਧ ਚੱਲ ਰਹੀ ਕਾਰਵਾਈ ਦਾ ਹਿੱਸਾ ਹੈ। ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਕਾਰਵਾਈਆਂ ਤੇਜ਼ ਕੀਤੀਆਂ ਜਾਣਗੀਆਂ ਤਾਂ ਜੋ ਸਰਹੱਦੀ ਇਲਾਕਿਆਂ ਨੂੰ ਨਸ਼ਿਆਂ ਅਤੇ ਦਹਿਸ਼ਤ ਦੀ ਪਕੜ ਤੋਂ ਮੁਕਤ ਰੱਖਿਆ ਜਾ ਸਕੇ।










